For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਕੌਮਾਂਤਰੀ ਵਿਦਿਆਰਥੀ ਹਾਲੇ ਹਫ਼ਤੇ ’ਚ 20 ਘੰਟੇ ਹੀ ਕਰ ਸਕਣਗੇ ਕੰਮ

07:03 AM May 01, 2024 IST
ਕੈਨੇਡਾ  ਕੌਮਾਂਤਰੀ ਵਿਦਿਆਰਥੀ ਹਾਲੇ ਹਫ਼ਤੇ ’ਚ 20 ਘੰਟੇ ਹੀ ਕਰ ਸਕਣਗੇ ਕੰਮ
Advertisement

ਓਟਵਾ, 30 ਅਪਰੈਲ
ਕੈਨੇਡਾ ਸਰਕਾਰ ਵੱਲੋਂ ਭਾਰਤ ਸਣੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫ਼ਤੇ ਵਿਚ 20 ਘੰਟੇ ਤੋਂ ਵੱਧ ਸਮਾਂ ਕੰਮ ਕਰਨ ਦੀ ਦਿੱਤੀ ਖੁੱਲ੍ਹ ਅੱਜ ਤੋਂ ਖ਼ਤਮ ਹੋ ਗਈ ਹੈ। ਲਿਹਾਜ਼ਾ ਕੌਮਾਂਤਰੀ ਵਿਦਿਆਰਥੀ ਹੁਣ ਹਫ਼ਤੇ ਵਿਚ 20 ਘੰਟੇ ਹੀ ਕੰਮ ਕਰ ਸਕਣਗੇ। ਉਂਜ ਨਵੇਂ ਨਿਯਮਾਂ ਮੁਤਾਬਕ, ਜੋ ਮੰਗਲਵਾਰ ਤੋਂ ਅਮਲ ਵਿਚ ਆਉਣਗੇ, ਕੌਮਾਂਤਰੀ ਵਿਦਿਆਰਥੀ ਸਤੰਬਰ ਤੋਂ ਹਫ਼ਤੇ ਵਿਚ 24 ਘੰਟੇ ਕੰਮ ਕਰ ਸਕਣਗੇ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿੱਲਰ ਨੇ ਕਿਹਾ, ‘‘ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਰ ਹਫ਼ਤੇ 20 ਘੰਟੇ ਤੋਂ ਵੱਧ ਸਮਾਂ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੀ ਅਸਥਾਈ ਨੀਤੀ 30 ਅਪਰੈਲ ਨੂੰ ਖਤਮ ਹੋ ਗਈ ਹੈ। ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਸਾਡਾ ਉਦੇਸ਼ ਵਿਦਿਆਰਥੀਆਂ ਦੇ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਨੂੰ ਹਫ਼ਤੇ ਵਿੱਚ 24 ਘੰਟੇ ਤੱਕ ਲਿਆਉਣਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਕੇਂਦਰਤ ਕਰ ਸਕਣ।’’ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਕੌਮਾਂਤਰੀ ਵਿਦਿਆਰਥੀਆਂ ’ਤੇ ਹਫ਼ਤੇ ਵਿਚ ਸਿਰਫ਼ 20 ਘੰਟੇ ਕੰਮ ਕਰਨ ਦੀ ਲੱਗੀ ਪਾਬੰਦੀ ਆਰਜ਼ੀ ਤੌਰ ’ਤੇ ਖ਼ਤਮ ਕਰ ਦਿੱਤੀ ਸੀ ਤਾਂ ਕਿ ਲੇਬਰ ਦੀ ਕਮੀ ਨਾਲ ਜੂਝ ਰਹੇ ਕੈਨੇਡਾ ਨੂੰ ਸਾਹ ਆਏ। ਸੀਟੀਵੀ ਦੀ ਨਿਊਜ਼ ਮੁਤਾਬਕ ਇਸ ਆਰਜ਼ੀ ਛੋਟ ਦੀ ਮਿਆਦ ਮੰਗਲਵਾਰ ਨੂੰ ਖ਼ਤਮ ਹੋ ਗਈ ਹੈ। ਕਾਬਿਲੇਗੌਰ ਹੈ ਕਿ ਕੈਨੇਡਾ ਨੂੰ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਕੌਮਾਂਤਰੀ ਸਿੱਖਿਆ ਬਾਰੇ ਕੈਨੇਡੀਅਨ ਬਿਊਰੋ (ਸੀਬੀਆਈਈ) ਦੀ 2022 ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ 3,19,130 ਭਾਰਤੀ ਵਿਦਿਆਰਥੀ ਸਨ। ਕੈਨੇਡਾ ਆਧਾਰਿਤ ਕਾਲਜਾਂ ਤੇ ਯੂਨੀਵਰਸਿਟੀਆਂ, ਦੋਵਾਂ ਵਿਚ ਕੌਮਾਂਤਰੀ ਵਿਦਿਆਰਥੀਆਂ ’ਚੋਂ ਬਹੁਗਿਣਤੀ ਸੀਟਾਂ ਭਾਰਤੀਆਂ ਕੋਲ ਹਨ। ਮਿੱਲਰ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਵਿਦਿਆਰਥੀ ਇਥੇ ਪੜ੍ਹਨ ਲਈ ਹੀ ਆਏ ਹਨ। ਵਿਦਿਆਰਥੀਆਂ ਨੂੰ ਹਫ਼ਤੇ ਵਿਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੇ ਜਾਣ ਨਾਲ ਉਹ ਮੁੱਖ ਤੌਰ ’ਤੇ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਤ ਕਰ ਸਕਣਗੇ ਜਦੋਂਕਿ ਲੋੜ ਪੈਣ ’ਤੇ ਉਨ੍ਹਾਂ ਕੋਲ ਕੰਮ ਦਾ ਬਦਲ ਵੀ ਹੈ। ਪ੍ਰੈੱਸ ਬਿਆਨ ਮੁਤਾਬਕ ਅਮਰੀਕਾ ਤੇ ਕੈਨੇਡਾ ਵਿਚ ਕੀਤੇ ਹਾਲੀਆ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਹਫ਼ਤੇ ਵਿਚ 28 ਘੰਟੇ ਤੋਂ ਵੱਧ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਵਿਚ ਵੱਡਾ ਨਿਘਾਰ ਆਇਆ ਹੈ ਅਤੇ ਹਫਤੇ ਵਿਚ 24 ਘੰਟੇ ਤੋਂ ਵੱਧ ਕੰਮ ਕਰਨ ਨਾਲ ਵਿਦਿਆਰਥੀਆਂ ਦੇ ਆਪਣਾ ਕੋਰਸ ਵਿਚਾਲੇ ਛੱਡਣ ਦੀ ਸੰਭਾਵਨਾ ਵਧ ਸਕਦੀ ਹੈ। ਕਾਬਿਲੇਗੌਰ ਹੈ ਕਿ ਬਹੁਤੇ ਮੁਲਕਾਂ ਨੇ ਹਾਲੀਆ ਮਹੀਨਿਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਦੌਰਾਨ ਕੰਮ ਕਰਨ ਦੇ ਘੰਟਿਆਂ ਦੀ ਹੱਦ ਨਿਰਧਾਰਿਤ ਕੀਤੀ ਹੈ। ਆਸਟਰੇਲੀਆ ਨੇ ਹਾਲ ਹੀ ਵਿਚ ਆਪਣੀ ਪਾਲਿਸੀ ਵਿਚ ਫੇਰਬਦਲ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਦੋ ਹਫ਼ਤਿਆਂ ਵਿਚ 48 ਘੰਟੇ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੈ। ਉਧਰ ਅਮਰੀਕਾ ਵਿਚ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਕੁਝ ਵਧੀਕ ਮਾਪਦੰਡ ਪੂਰੇ ਕਰਨੇ ਪੈਂਦੇ ਹਨ। ਇਹ ਵੀ ਚੇਤੇ ਰਹੇ ਕਿ ਕੈਨੇਡਾ ਸਰਕਾਰ ਨੇ ਦਸੰਬਰ 2023 ਵਿਚ ਕੌਮਾਂਤਰੀ ਵਿਦਿਆਰਥੀਆਂ ਲਈ ਜੀਆਈਸੀ ਦੀ ਰਕਮ (6 ਲੱਖ ਤੋਂ ਵਧਾ ਕੇ 12 ਲੱਖ) ਦੁੱਗਣੀ ਕਰ ਦਿੱਤੀ ਸੀ ਤਾਂ ਕਿ ਉਹ ਕੈਨੇਡਾ ਆਉਣ ’ਤੇ ਵਿੱਤੀ ਤੌਰ ’ਤੇ ਮਜ਼ਬੂਤ ਰਹਿਣ ਤੇ ਉਨ੍ਹਾਂ ਨੂੰ ਕੰਮ ’ਤੇ ਨਿਰਭਰ ਨਾ ਹੋਣਾ ਪਏ। -ਪੀਟੀਆਈ

Advertisement

Advertisement
Author Image

Advertisement
Advertisement
×