ਕੈਨੇਡਾ: ਭਾਰਤੀ ਪਰਵਾਸੀ ਭਾਈਚਾਰੇ ਵੱਲੋਂ ਭਾਰਤੀ ਕੌਂਸੁਲੇਟ ਦੇ ਬਾਹਰ ਖਾਲਿਸਤਾਨ ਪੱਖੀਆਂ ਖਿਲਾਫ਼ ਪ੍ਰਦਰਸ਼ਨ
ਟੋਰਾਂਟੋ, 9 ਜੁਲਾਈ
ਭਾਰਤੀ ਭਾਈਚਾਰੇ ਦੇ ਮੈਂਬਰ ਸ਼ਨਿੱਚਰਵਾਰ ਨੂੰ ਆਪਣੇ ਡਿਪਲੋਮੈਟਾਂ ਅਤੇ ਕੌਂਸੁਲੇਟ ਦਫਤਰ ਦੀ ਸੁਰੱਖਿਆ ਲਈ ਇਥੇ ਕੌਂਸਲਖਾਨੇ ਦੇ ਬਾਹਰ ਇਕੱਠੇ ਹੋਏ। ਹੱਥਾਂ ਵਿੱਚ ਤਿਰੰਗਾ ਫੜੀ ਮੈਂਬਰਾਂ ਨੇ ਇੱਕਜੁੱਟ ਹੋ ਕੇ ਖਾਲਿਸਤਾਨ ਪੱਖੀਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਭਾਰਤੀ ਪਰਵਾਸੀ ਭਾਈਚਾਰੇ ਨੇ ‘ਭਾਰਤ ਮਾਤਾ ਕੀ ਜੈ’, ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏੇ। ਇਨ੍ਹਾਂ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘‘ਖਾਲਿਸਤਾਨੀ ਸਿੱਖ ਨਹੀਂ ਹਨ’ ਤੇ ‘ਕੈਨੇਡਾ ਖ਼ਾਲਿਸਤਾਨੀ ਕੈਨੇਡੀਅਨ ਦਹਿਸ਼ਗਰਦਾਂ ਦੀ ਹਮਾਇਤ ਬੰਦ ਕਰੇ’ ਲਿਖਿਆ ਸੀ। ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਵਿੱਚੋਂ ਇੱਕ ਸੁਨੀਲ ਅਰੋੜਾ ਨੇ ਕਿਹਾ, ‘‘ਅਸੀਂ ਇੱਥੇ ਖਾਲਿਸਤਾਨੀਆਂ ਦਾ ਸਾਹਮਣਾ ਕਰਨ ਲਈ ਕੌਂਸੁਲੇਟ ਦੇ ਸਾਹਮਣੇ ਖੜ੍ਹੇ ਹਾਂ। ਅਸੀਂ ਇੱਥੇ ਭਾਰਤ ਅਤੇ ਕੈਨੇਡਾ ਦੀ ਇੱਕਮੁੱਠਤਾ ਲਈ ਹਾਂ। ਖਾਲਿਸਤਾਨ ਪੱਖੀ ਇਹ ਕਹਿ ਕੇ ਗਲਤ ਜਾਣਕਾਰੀ ਦੇ ਰਹੇ ਹਨ ਕਿ ਉਹ ਸਾਡੇ ਡਿਪਲੋਮੈਟਾਂ ਨੂੰ ਮਾਰ ਦੇਣਗੇ, ਅਸੀਂ ਇਸ ਦੇ ਪੂਰੀ ਤਰ੍ਹਾਂ ਖਿਲਾਫ ਹਾਂ।’’ ਭਾਰਤੀ ਪਰਵਾਸੀ ਭਾਈਚਾਰੇ ਦੇ ਇੱਕ ਹੋਰ ਮੈਂਬਰ, ਅਨਿਲ ਸ਼ਰਿੰਗੀ ਨੇ ਕਿਹਾ ਕਿ ਉਹ ਭਾਰਤੀ ਕੌਂਸੁਲੇਟ ਦਾ ਸਮਰਥਨ ਕਰਨ ਲਈ ਇਥੇ ਆਏ ਹਨ ਅਤੇ ਭਾਰਤੀ ਡਿਪਲੋਮੈਂਟਾਂ ਨੂੰ ਦਿੱਤੀ ਖਾਲਿਸਤਾਨੀਆਂ ਦੀ ਧਮਕੀ ਵਿਰੁੱਧ ਖੜ੍ਹੇ ਹਨ। -ਏਐੱਨਆਈ