ਕੈਨੇਡਾ: ਭਾਰਤੀ ਪਰਵਾਸੀ ਭਾਈਚਾਰੇ ਵੱਲੋਂ ਭਾਰਤੀ ਕੌਂਸੁਲੇਟ ਦੇ ਬਾਹਰ ਖਾਲਿਸਤਾਨ ਪੱਖੀਆਂ ਖਿਲਾਫ਼ ਪ੍ਰਦਰਸ਼ਨ
ਟੋਰਾਂਟੋ, 9 ਜੁਲਾਈ
ਭਾਰਤੀ ਭਾਈਚਾਰੇ ਦੇ ਮੈਂਬਰ ਸ਼ਨਿਚਰਵਾਰ ਨੂੰ ਆਪਣੇ ਡਿਪਲੋਮੈਟਾਂ ਅਤੇ ਕੌਂਸੁਲੇਟ ਦਫ਼ਤਰ ਦੀ ਸੁਰੱਖਿਆ ਲਈ ਇਥੇ ਕੌਂਸਲਖਾਨੇ ਦੇ ਬਾਹਰ ਇਕੱਠੇ ਹੋਏ। ਹੱਥਾਂ ਵਿੱਚ ਤਿਰੰਗਾ ਫੜੀ ਮੈਂਬਰਾਂ ਨੇ ਇੱਕਜੁੱਟ ਹੋ ਕੇ ਖਾਲਿਸਤਾਨ ਪੱਖੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭਾਰਤੀ ਪਰਵਾਸੀ ਭਾਈਚਾਰੇ ਨੇ ‘ਭਾਰਤ ਮਾਤਾ ਕੀ ਜੈ’, ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏੇ। ਇਨ੍ਹਾਂ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘‘ਖਾਲਿਸਤਾਨੀ ਸਿੱਖ ਨਹੀਂ ਹਨ’ ਅਤੇ ‘ਕੈਨੇਡਾ ਖ਼ਾਲਿਸਤਾਨੀ ਕੈਨੇਡੀਅਨ ਦਹਿਸ਼ਗਰਦਾਂ ਦੀ ਹਮਾਇਤ ਬੰਦ ਕਰੇ’ ਲਿਖਿਆ ਸੀ। ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਹ ਪ੍ਰਦਰਸ਼ਨ ਲੰਘੇ ਦਿਨੀਂ ਕੈਨੇਡਾ ਅਤੇ ਅਮਰੀਕਾ ਵਿੱਚ ਪੋਸਟਰ ਲਾ ਕੇ ਭਾਰਤੀ ਸਫ਼ੀਰਾਂ ਨੂੰ ਧਮਕੀ ਦਿੱਤੇ ਜਾਣ ਖ਼ਿਲਾਫ਼ ਕੀਤਾ ਹੈ। ਕੈਨੇਡਾ ਵਿੱਚ ਭਾਰਤੀ ਪਰਵਾਸੀਆਂ ਵਿੱਚੋਂ ਇੱਕ ਸੁਨੀਲ ਅਰੋੜਾ ਨੇ ਕਿਹਾ, ‘‘ਅਸੀਂ ਇੱਥੇ ਖਾਲਿਸਤਾਨੀਆਂ ਦਾ ਸਾਹਮਣਾ ਕਰਨ ਲਈ ਕੌਂਸੁਲੇਟ ਦੇ ਸਾਹਮਣੇ ਖੜ੍ਹੇ ਹਾਂ। ਅਸੀਂ ਇੱਥੇ ਭਾਰਤ ਅਤੇ ਕੈਨੇਡਾ ਦੀ ਇੱਕਮੁੱਠਤਾ ਲਈ ਹਾਂ। ਖਾਲਿਸਤਾਨ ਪੱਖੀ ਇਹ ਕਹਿ ਕੇ ਗਲਤ ਜਾਣਕਾਰੀ ਦੇ ਰਹੇ ਹਨ ਕਿ ਉਹ ਸਾਡੇ ਡਿਪਲੋਮੈਟਾਂ ਨੂੰ ਮਾਰ ਦੇਣਗੇ, ਅਸੀਂ ਇਸ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਾਂ।’’
ਭਾਰਤੀ ਪਰਵਾਸੀ ਭਾਈਚਾਰੇ ਦੇ ਇੱਕ ਹੋਰ ਮੈਂਬਰ, ਅਨਿਲ ਸ਼ਰਿੰਗੀ ਨੇ ਕਿਹਾ ਕਿ ਉਹ ਭਾਰਤੀ ਕੌਂਸੁਲੇਟ ਦਾ ਸਮਰਥਨ ਕਰਨ ਲਈ ਇੱਥੇ ਆਏ ਹਨ ਅਤੇ ਭਾਰਤੀ ਡਿਪਲੋਮੈਟਾਂ ਨੂੰ ਦਿੱਤੀ ਖਾਲਿਸਤਾਨੀਆਂ ਦੀ ਧਮਕੀ ਵਿਰੁੱਧ ਖੜ੍ਹੇ ਹਨ। ਕੌਂਸੁਲੇਟ ਦੇ ਬਾਹਰ ਪ੍ਰਦਰਸ਼ਨ ’ਚ ਸ਼ਾਮਲ ਵਿਦਿਆ ਭੂਸ਼ਣ ਧਰ ਨੇ ਕਿਹਾ, ‘‘ਕੈਨੇਡਾ ਸ਼ਾਂਤ ਮੁਲਕ ਹੈ ਅਤੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਅਤੇ ਸਾਨੂੰ ਰਹਿਣਾ ਵੀ ਚਾਹੀਦਾ ਹੈ। ਅਸਲ ਵਿੱਚ ਅਸੀਂ ਕੈਨੇਡਾ ਸਰਕਾਰ ਨੂੰ ੲਿਸ ਗੱਲ ਦਾ ਨੋਟਿਸ ਲੈਣ ਲਈ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ (ਕਿਸੇ ਨੂੰ ਮਾਰਨ ਦੀ ਧਮਕੀ ਦੇਣਾ) ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ। ਯਕੀਨੀ ਤੌਰ ’ਤੇ ਇਹ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ।’’ -ਏਐੱਨਆਈ
ਲੰਡਨ: ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨ ’ਚ ਮਾਮੂਲੀ ਇਕੱਠ
ਲੰਡਨ: ਲੰਡਨ ਵਿੱਚ ਲੰਘੇ ਦਿਨ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਏ। ਰੈਲੀ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਅਤੇ ਬਰਮਿੰਘਮ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਸ਼ਸ਼ਾਂਕ ਵਿਕਰਮ ਦੀਆਂ ਤਸਵੀਰਾਂ ਵਾਲੇ ਵਿਵਾਦਤ ਪੋਸਟਰਾਂ ਦੀ ਵਰਤੋਂ ਕੀਤੀ ਗਈ। ਇਸ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਜੂਦ ਸਨ, ਹਾਲਾਂਕਿ ਧਰਨਾ ਜਲਦੀ ਹੀ ਸਮਾਪਤ ਹੋ ਗਿਆ। ਮੈਟਰੋਪੌਲੀਟਿਨ ਪੁਲੀਸ ਦੇ ਬੁਲਾਰੇ ਨੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਕਿਹਾ ਸੀ, ‘ਪੁਲੀਸ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ।’’ ਚੇਤੇ ਰਹੇ ਕਿ ਇਸ ਹਫਤੇ ਦੇ ਸ਼ੁਰੂ ਵਿੱਚ, ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਭਾਰਤ ਵਿਰੋਧੀ ਪੋਸਟਰ ਜਨਤਕ ਕੀਤੇ ਜਾਣ ਤੋਂ ਬਾਅਦ, ਯੂਕੇ ਸਰਕਾਰ ਨੇ ਐਲਾਨ ਕੀਤਾ ਸੀ ਕਿ ਲੰਡਨ ਵਿੱਚ ਭਾਰਤੀ ਪ੍ਰਦਰਸ਼ਨਕਾਰੀਆਂ ’ਤੇ ਪਾਬੰਦੀ ਲਾਈ ਜਾਵੇਗੀ। ਸੂਨਕ ਸਰਕਾਰ ਨੇ ਕਿਹਾ ਸੀ ਕਿ ਹਾਈ ਕਮਿਸ਼ਨ ’ਤੇ ਕੋਈ ਵੀ ਹਮਲਾ ਸਵੀਕਾਰਨਯੋਗ ਨਹੀਂ ਹੈ। -ਪੀਟੀਆਈ
ਭਾਰਤੀ ਭਾਈਚਾਰੇ ਦੀ ਇੱਕਜੁਟਤਾ ਖਾਲਿਸਤਾਨ ਪੱਖੀਆਂ ਲਈ ਢੁੱਕਵਾਂ ਜਵਾਬ: ਅਨਿਲ ਤ੍ਰਿਗੁਨਾਇਤ
ਗੁਰੂਗ੍ਰਾਮ: ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਭਾਈਚਾਰੇ ਵੱਲੋਂ ਕੌਂਸੁਲੇਟ ਅੱਗੇ ਖਾਲਿਸਤਾਨ ਪੱਖੀਆਂ ਦੇ ਪ੍ਰਦਰਸ਼ਨ ਦੇ ਖ਼ਿਲਾਫ਼ ਦਿਖਾਈ ਇੱਕਜੁਟਤਾ ’ਤੇ ਟਿੱਪਣੀ ਕਰਦਿਆਂ ਜੌਰਡਨ, ਲਿਬੀਆ ਅਤੇ ਮਾਲਟਾ ’ਚ ਭਾਰਤੀ ਸਫ਼ੀਰ ਰਹੇ ਅਨਿਲ ਤ੍ਰਿਗੁਨਾਇਤ ਨੇ ਕਿਹਾ, ‘‘ਇਹ ਖਾਲਿਸਤਾਨੀ ਕੱਟੜਪੰਥੀਆਂ ਅਤੇ ਵੱਖਵਾਦੀਆਂ ਲਈ ਢੁੱਕਵਾਂ ਜਵਾਬ ਹੈ।’’ ਅੱਜ ਇੱਥੇ ਸਾਬਕਾ ਰਾਜਦੂਤ ਤ੍ਰਿਗੁਨਾਇਤ ਨੇ ਕਿਹਾ, ‘‘ਅਸਲ ਵਿੱਚ ਇਹ ਖਾਲਿਸਤਾਨੀ ਕੱਟੜਪੰਥੀਆਂ ਅਤੇ ਵੱਖਵਾਦੀਆਂ ਲਈ ਢੁੱਕਵਾਂ ਜਵਾਬ ਹੈ, ਜਿਹੜੇ ਕਾਫੀ ਸਮੇਂ ਤੋਂ ਭਾਰਤੀ ਸਫ਼ੀਰਾਂ ਅਤੇ ਭਾਰਤੀ ਮਿਸ਼ਨਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹਨ।’’ -ਏਐੱਨਆਈ