ਕੈਨੇਡਾ: ਗੋਲੀਬਾਰੀ ਤੇ ਕਾਰ ਹਾਦਸੇ ਵਿੱਚ ਦੋ ਔਰਤਾਂ ਸਣੇ ਅੱਠ ਹਲਾਕ
* ਕਾਰ ਹਾਦਸੇ ਦੇ ਮਿ੍ਰਤਕਾਂ ’ਚ 15 ਤੋਂ 17 ਸਾਲ ਦੇ ਬੱਚੇ ਸ਼ਾਮਲ
* ਮਰਨ ਵਾਲਿਆਂ ਦੀ ਨਹੀਂ ਹੋ ਸਕੀ ਪਛਾਣ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 27 ਨਵੰਬਰ
ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਔਰਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਵਿੱਚ ਔਰਤ ਸਣੇ ਦੋ ਜਣੇ ਜ਼ਖ਼ਮੀ ਵੀ ਹੋ ਗਏ। ਉਧਰ, ਉਂਟਾਰੀਓ ਦੇ ਸ਼ਹਿਰ ਹੰਟਸਵਿਲੇ ਵਿੱਚ ਹੋਏ ਕਾਰ ਹਾਦਸੇ ਵਿੱਚ ਇੱਕ ਔਰਤ ਤੇ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਸਾਰੇ 15 ਤੋਂ 17 ਸਾਲ ਦੇ ਸਨ। ਵਿਨੀਪੈੱਗ ਪੁਲੀਸ ਦੇ ਬੁਲਾਰੇ ਜੇਸਨ ਮਾਈਕਲੀਸ਼ੈਲ ਅਨੁਸਾਰ ਤੜਕਸਾਰ ਸੂਚਨਾ ਮਿਲਣ ’ਤੇ ਪੁਲੀਸ ਲੈਂਗਸਾਈਡ ਸਟਰੀਟ ਦੇ 100 ਬਲਾਕ ਵਿੱਚ ਪਹੁੰਚੀ। ਉੱਥੇ ਪੰਜ ਵਿਅਕਤੀਆਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਔਰਤ ਸਣੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਤੀਜੇ ਨੇ ਹਸਪਤਾਲ ਲਿਜਾਂਦਿਆਂ ਦਮ ਤੋੜ ਦਿੱਤਾ। ਔਰਤ ਸਣੇ ਦੋ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਅਨੁਸਾਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਦੋਸ਼ੀਆਂ ਬਾਰੇ ਜਾਂਚ ਕੀਤੀ ਜਾ ਰਹੀ।
ਉਧਰ, ਟਰਾਂਟੋ ਤੋਂ 250 ਕਿਲੋਮੀਟਰ ਉੱਤਰ ਵੱਲ ਹੰਟਸਵਿਲੇ ਕਸਬੇ ਕੋਲ ਦੋ ਕਾਰਾਂ ਦੀ ਟੱਕਰ ਹੋ ਗਈ। ਇਸ ਦੌਰਾਨ ਮਰਸਿਡੀਜ਼ ਕਾਰ ਵਿੱਚ ਸਵਾਰ 15 ਤੋਂ 17 ਸਾਲ ਦੇ ਚਾਰ ਲੜਕੇ ਮਾਰੇ ਗਏ, ਜਦਕਿ ਜ਼ਖ਼ਮੀ ਹੋਈ ਦੂਜੀ ਕਾਰ ਦੀ ਡਰਾਈਵਰ 42 ਸਾਲਾ ਔਰਤ ਦੀ ਜਾਨ ਵੀ ਡਾਕਟਰ ਬਚਾ ਨਾ ਸਕੇ। ਹਾਦਸੇ ਦਾ ਕਾਰਨ ਲੜਕਿਆਂ ਵਾਲੀ ਕਾਰ ਦੀ ਤੇਜ਼ ਰਫ਼ਤਾਰ ਦੱਸੀ ਗਈ ਹੈ। ਮਰਨ ਵਾਲਿਆਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਟੋਰਾਂਟੋ ਦੇ 87 ਸਾਲਾ ਵਿਅਕਤੀ ਨੂੰ 13 ਸਾਲ ਪਹਿਲਾਂ ਨਾਬਾਲਗ ਲੜਕਿਆਂ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਲੜਕਿਆਂ ਵੱਲੋਂ ਅਲਬਰਟ ਡਵੋਨਿਸ਼ ਉੱਤੇ ਇਹ ਦੋਸ਼ ਇਸੇ ਸਾਲ ਲਾਏ ਗਏ ਸਨ, ਜੋ ਜਾਂਚ ਦੌਰਾਨ ਠੀਕ ਮੰਨੇ ਗਏ।