Canada: ਮਨੁੱਖੀ ਤਸਕਰੀ ਵਿੱਚ ਕੈਨੇਡੀਅਨ ਕਾਲਜਾਂ ਅਤੇ ਭਾਰਤੀ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਈਡੀ
ਨਵੀਂ ਦਿੱਲੀ, 25 ਦਸੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ED) ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ਵਿਚ ਭਾਰਤੀਆਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੁਝ ਕੈਨੇਡੀਅਨ ਕਾਲਜਾਂ ਅਤੇ ਕੁਝ ਭਾਰਤੀ ਸੰਸਥਾਵਾਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰ ਰਿਹਾ ਹੈ। ਇਹ ਜਾਂਚ ਗੁਜਰਾਤ ਦੇ ਡਿੰਗੁਚਾ ਪਿੰਡ ਦੇ ਰਹਿਣ ਵਾਲੇ ਚਾਰ ਮੈਂਬਰੀ ਭਾਰਤੀ ਪਰਿਵਾਰ ਦੀ ਮੌਤ ਨਾਲ ਜੁੜੀ ਹੋਈ ਹੈ।
ਜ਼ਿਕਰਯੋਗ ਹੈ ਕਿ 19 ਜਨਵਰੀ 2022 ਨੂੰ ਕੈਨੇਡਾ-ਅਮਰੀਕਾ ਸਰਹੱਦ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਕੋ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਬਹੁਤ ਜ਼ਿਆਦਾ ਠੰਡ ਨਾਲ ਹੋ ਗਈ ਸੀ। ਈਡੀ ਨੇ ਕਿਹਾ ਕਿ ਇਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਵਜੋਂ ਉਭਰੇ ਭਾਵੇਸ਼ ਅਸ਼ੋਕਭਾਈ ਪਟੇਲ ਦੇ ਖ਼ਿਲਾਫ਼ ਅਹਿਮਦਾਬਾਦ ਪੁਲੀਸ ਐਫਆਈਆਰ ਅਤੇ ਇੱਕ ਕੁਝ ਹੋਰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਉਣ ਲਈ ਦਾ ਨੋਟਿਸ ਲਿਆ ਹੈ।
ਪਟੇਲ ਅਤੇ ਹੋਰਾਂ ’ਤੇ ਦੋਸ਼ ਹੈ ਕਿ ਲੋਕਾਂ (ਭਾਰਤੀਆਂ) ਨੂੰ ਗੈਰਕਾਨੂੰਨੀ ਚੈਨਲਾਂ ਕੈਨੇਡਾ ਰਾਹੀਂ ਅਮਰੀਕਾ ਭੇਜਣ ਦੀ ਸੋਚੀ ਸਮਝੀ ਸਾਜ਼ਿਸ਼ ਰਚੀ ਸੀ, ਜਿਸ ਨਾਲ ਮਨੁੱਖੀ ਤਸਕਰੀ ਦਾ ਜੁਰਮ ਕੀਤਾ ਗਿਆ ਸੀ।
ਏਜੰਸੀ ਨੇ ਪਹਿਲਾਂ ਜਾਂਚ ਦੌਰਾਨ ਪਾਇਆ ਸੀ ਕਿ ਰੈਕੇਟ ਦੇ ਹਿੱਸੇ ਵਜੋਂ ਮੁਲਜ਼ਮ ਨੇ ਕੈਨੇਡਾ ਸਥਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਲਈ ਦਾਖਲੇ ਦਾ ਪ੍ਰਬੰਧ ਕੀਤਾ ਸੀ। ਏਜੰਸੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਜਿਹੇ ਲੋਕਾਂ ਲਈ ਇੱਕ ਕੈਨੇਡੀਅਨ ਵਿਦਿਆਰਥੀ ਵੀਜ਼ਾ ਅਪਲਾਈ ਕੀਤਾ ਗਿਆ ਸੀ ਅਤੇ ਇੱਕ ਵਾਰ ਜਦੋਂ ਉਹ ਉਸ ਦੇਸ਼ ਵਿੱਚ ਪਹੁੰਚ ਗਏ ਤਾਂ ਕਾਲਜ ਵਿੱਚ ਸ਼ਾਮਲ ਹੋਣ ਦੀ ਬਜਾਏ ਉਨ੍ਹਾਂ ਨੇ "ਗੈਰ-ਕਾਨੂੰਨੀ" ਤੌਰ ’ਤੇ ਅਮਰੀਕਾ-ਕੈਨੇਡਾ ਸਰਹੱਦ ਪਾਰ ਕੀਤੀ।
ਈਡੀ ਨੇ ਦੋਸ਼ ਲਾਇਆ ਕਿ "ਇਸ ਦੇ ਮੱਦੇਨਜ਼ਰ, ਕੈਨੇਡਾ ਸਥਿਤ ਕਾਲਜਾਂ ਵੱਲੋਂ ਪ੍ਰਾਪਤ ਕੀਤੀ ਗਈ ਫੀਸ ਵਿਅਕਤੀਆਂ ਦੇ ਖਾਤੇ ਵਿੱਚ ਵਾਪਸ ਭੇਜ ਦਿੱਤੀ ਗਈ ਸੀ। ਭਾਰਤੀਆਂ ਨੂੰ ਰੈਕੇਟ ਵੱਲੋਂ ਲੁਭਾ ਕੇ ਪ੍ਰਤੀ ਵਿਅਕਤੀ 55 ਤੋਂ 60 ਲੱਖ ਰੁਪਏ ਦੇ ਵਿਚਕਾਰ ਵਸੂਲੇ ਗਏ।
ਏਜੰਸੀ ਨੇ ਕਿਹਾ ਕਿ ਉਸ ਨੇ 10 ਦਸੰਬਰ ਅਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵੜੋਦਰਾ ਦੇ ਅੱਠ ਸਥਾਨਾਂ ’ਤੇ ਇਸ ਮਾਮਲੇ ਵਿਚ ਤਲਾਸ਼ੀ ਲਈ। ਇਸ ਦੌਰਾਨ ਸਾਹਮਣੇ ਆਇਆ ਕਿ ਮੁੰਬਈ ਅਤੇ ਨਾਗਪੁਰ ਨਾਲ ਸਬੰਧਤ ਦੋ ਇਕਾਈਆਂ ਵਿੱਚ ਕਮਿਸ਼ਨ ਦੇ ਅਧਾਰ 'ਤੇ ਵਿਦੇਸ਼ਾਂ ਵਿੱਚ ਸਥਿਤ ਯੂਨੀਵਰਸਿਟੀਆਂ ਵਿੱਚ ਭਾਰਤੀਆਂ ਦੇ ਦਾਖਲੇ ਲਈ ਇੱਕ ਸਮਝੌਤਾ ਹੋਇਆ ਹੈ।
ਏਜੰਸੀ ਨੇ ਕਿਹਾ ਕਿ ਤਾਜ਼ਾ ਜਾਂਚ ਵਿੱਚ ਪਾਇਆ ਗਿਆ ਹੈ ਕਿ ਹਰ ਸਾਲ ਲਗਭਗ 25,000 ਵਿਦਿਆਰਥੀਆਂ ਨੂੰ ਇੱਕ ਸੰਸਥਾ ਵੱਲੋਂ ਅਤੇ 10,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਰਾਂ ਵੱਲੋਂ ਭਾਰਤ ਤੋਂ ਬਾਹਰ ਸਥਿਤ ਵੱਖ-ਵੱਖ ਕਾਲਜਾਂ ਵਿੱਚ ਭੇਜਿਆ ਜਾਂਦਾ ਹੈ।
ਰਿਪੋਰਟ ਅਨੁਸਾਰ ਗੁਜਰਾਤ ਵਿੱਚ ਸਥਿਤ ਲਗਭਗ 1,700 ਏਜੰਟ/ਭਾਗੀਦਾਰ ਹਨ ਅਤੇ ਪੂਰੇ ਭਾਰਤ ਵਿੱਚ ਲਗਭਗ 3,500 ਏਜੰਟ/ਭਾਗੀਦਾਰ ਹਨ, ਜਿਨ੍ਹਾਂ ਵਿੱਚੋਂ ਲੱਗਭੱਗ 800 ਸਰਗਰਮ ਹਨ।
ਖੁੁਲਾਸੇ ਅਨੁਸਾਰ ਕੈਨੇਡਾ ਵਿੱਚ ਸਥਿਤ ਲਗਭਗ 112 ਕਾਲਜ ਇੱਕ ਇਕਾਈ ਨਾਲ ਅਤੇ 150 ਤੋਂ ਵੱਧ ਕਿਸੇ ਹੋਰ ਸੰਸਥਾ ਨਾਲ ਸਮਝੌਤਾਬੱਧ ਹਨ। ਹਾਲਾਂਕਿ ਤਤਕਾਲੀ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਕੈਨੇਡਾ ਵਿਚ ਅਜਿਹੇ ਕੁੱਲ 262 ਕਾਲਜਾਂ ਵਿਚੋਂ ਕੁਝ, ਜੋ ਭੂਗੋਲਿਕ ਤੌਰ 'ਤੇ ਕੈਨੇਡਾ-ਅਮਰੀਕਾ ਸਰਹੱਦ ਦੇ ਨੇੜੇ ਸਥਿਤ ਹਨ, ਭਾਰਤੀਆਂ ਦੀ ਤਸਕਰੀ ਵਿਚ ਸ਼ਾਮਲ ਹਨ। -ਪੀਟੀਆਈ