ਕੈਨੇਡਾ: ਅੰਬਰ ਫਾਰਮ ’ਚ ਤੀਆਂ ਮਨਾਈਆਂ
07:34 AM Jul 22, 2024 IST
ਸਤਿਬੀਰ ਸਿੰਘ
ਬਰੈਂਪਟਨ, 21 ਜੁਲਾਈ
ਅੰਬਰ ਫਾਰਮ ਕੈਲੇਡਨ ਵਿੱਚ ਹਰਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਔਰਤਾਂ ਦੇ ਸਰਗਰਮ ਗਰੁੱਪ ਨੇ ਬੀਤੇ ਦਿਨ ਤੀਆਂ ਦਾ ਮੇਲਾ ਕਰਵਾਇਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁਟਿਆਰਾਂ ਨੇ ਗਿੱਧੇ ਅਤੇ ਭੰਗੜੇ ਨਾਲ ਰੰਗ ਬੰਨ੍ਹਿਆ। ਪ੍ਰੋਗਰਾਮ ਦੌਰਾਨ ਕਰਵਾਏ ਗਏ ਮੁਕਾਬਲੇ ’ਚ ਸੁਆਣੀਆਂ ਅੱਗੇ ਸੱਭਿਆਚਾਰ ਨਾਲ ਸਬੰਧਤ ਪੁਰਾਣੇ ਸ਼ਬਦ ਅਰਥਾਂ ਸਣੇ ਪੁੱਛੇ ਗਏ। ਇਸੇ ਤਰ੍ਹਾਂ ਪੁਰਾਣੇ ਰੀਤੀ-ਰਿਵਾਜਾਂ ਦੇ ਤੌਰ-ਤਰੀਕਿਆਂ ਦੇ ਮੁਕਾਬਲੇ ਕਰਵਾਏ ਗਏ। ਪੂਣੀਆਂ, ਗਲੋਟੇ, ਅਟੇਰਨੀ, ਮੌਣ ਅਤੇ ਖੂਹ ਦੀਆਂ ਟਿੰਡਾਂ ਵਰਗੇ ਕਈ ਸਵਾਲ ਪੁੱਛੇ ਗਏ।
ਜੇਤੂਆਂ ਨੂੰ ਹਰਦੀਪ ਕੌਰ ਸਿੱਧੂ ਨੇ ਇਨਾਮ ਵੰਡੇ। ਗੀਤ ਸੰਗੀਤ ਦਾ ਦੌਰ ਦੇਰ ਰਾਤ ਤੱਕ ਚੱਲਿਆ। ਇਸ ਮੌਕੇ ਕਲਾਕਾਰ ਰਾਣੀ ਢਿੱਲੋਂ, ਕੁਲਬੀਰ ਕੌਰ ਸਿੱਧੂ, ਨੈਸ਼ਨਲ ਐਵਾਰਡੀ ਸੁਖਵੰਤ ਕੌਰ, ਰੁਪਿੰਦਰ ਕੌਰ ਮਾਹਿਲ, ਮਨਪ੍ਰੀਤ ਕੌਰ ਗਿੱਲ, ਰਮਨ ਮਲੂਕਾ, ਜਸਵੀਰ ਕੌਰ ਸਿੱਧੂ ਅਤੇ ਮਨਦੀਪ ਕੌਰ ਗਿੱਲ ਹਾਜ਼ਰ ਸਨ। ਹਰਦੀਪ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
Advertisement
Advertisement