ਕੈਨੇਡਾ: ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ 19 ਅਕਤੂਬਰ ਨੂੰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 28 ਸਤੰਬਰ
ਪੰਜਾਬੀਆਂ ਦੀ ਵੱਡੀ ਗਿਣਤੀ ਵਾਲੇ ਅਤੇ ਕੈਨੇਡਾ ਦੇ ਪੱਛਮ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੀ 43ਵੀਂ ਵਿਧਾਨ ਸਭਾ ਲਈ ਚੋਣਾਂ 19 ਅਕਤੂਬਰ ਨੂੰ ਹੋਣਗੀਆਂ। ਸੂਬੇ ਦੀ ਆਬਾਦੀ 56 ਲੱਖ ਤੋਂ ਟੱਪ ਚੁੱਕੀ ਹੈ। ਜੁਲਾਈ 2017 ਤੋਂ ਇੱਥੋਂ ਦੀ ਸੱਤਾ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹੱਥ ਹੈ, ਜਿਸ ਦੇ ਮੁੱਖ ਮੰਤਰੀ ਡੇਵਿਡ ਈਬੀ ਇਸ ਵਾਰ ਫਿਰ ਭਾਰੀ ਬਹੁਮਤ ਦੀ ਉਮੀਦ ਲਾਈ ਬੈਠੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਵੋਟਰ ਆਪਣੇ ਹੱਕ ਦੀ ਅਗਾਊਂ ਵਰਤੋਂ ਕਰਦਿਆਂ ਆਪਣੀ ਸਹੂਲਤ ਅਨੁਸਾਰ 10, 13, 15 ਤੇ 16 ਅਕਤੂਬਰ ਨੂੰ ਵੀ ਵੋਟਾਂ ਪਾ ਸਕਣਗੇ, 19 ਅਕਤੂਬਰ ਨੂੰ ਸ਼ਾਮ ਅੱਠ ਵਜੇ ਵੋਟਿੰਗ ਦਾ ਸਮਾਂ ਸਮਾਮਤ ਹੋਣ ਮਗਰੋਂ ਗਿਣਤੀ ਸ਼ੁਰੂ ਹੋਵੇਗੀ ਤੇ ਦੇਰ ਰਾਤ ਤੱਕ ਨਤੀਜੇ ਐਲਾਨੇ ਜਾਣਗੇ। ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ।
ਪਹਿਲੀਆਂ ਚੋਣਾਂ ਦੇ ਮੁਕਾਬਲੇ ਐਤਕੀਂ ਵੱਡੀ ਗਿਣਤੀ ਪੰਜਾਬਣਾਂ ਵਿਕਟੋਰੀਆ ਸਥਿਤ ਵਿਧਾਨ ਸਭਾ ਹਾਲ ਦੀਆਂ ਪੌੜੀਆਂ ਚੜ੍ਹਨ ਦੀ ਉਮੀਦ ਨਾਲ ਮੈਦਾਨ ’ਚ ਆਈਆਂ ਹਨ, ਜਿਨ੍ਹਾਂ ਨੇ ਆਪਣੀ ਚੋਣ ਮੁਹਿੰਮ ਵੋਟਾਂ ਦੇ ਐਲਾਨ ਤੋਂ ਕਾਫੀ ਪਹਿਲਾਂ ਤੋਂ ਭਖਾਈ ਹੋਈ ਹੈ। 87 ਮੈਂਬਰੀ ਵਿਧਾਨ ਸਭਾ ਲਈ ਸੱਤਾਧਾਰੀ ਐੱਨਡੀਪੀ ਵੱਲੋਂ 10 ਮਹਿਲਾਵਾਂ ਸਣੇ 19 ਪੰਜਾਬੀਆਂ ਨੂੰ ਟਿਕਟ ਦਿੱਤੀ ਗਈ ਹੈ, ਜਦ ਕਿ ਉਸ ਦੇ ਮੁੱਖ ਮੁਕਾਬਲੇ ਵਾਲੀ ਕੰਜਰਵੇਟਿਵ ਪਾਰਟੀ ਨੇ ਚਾਰ ਮਹਿਲਾਵਾਂ ਸਣੇ 10 ਪੰਜਾਬੀਆਂ ਨੂੰ ਮੈਦਾਨ ’ਚ ਉਤਾਰਿਆ ਹੈ। ਕੁਝ ਪੰਜਾਬੀ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜਮਾ ਰਹੇ ਹਨ।