ਕੈਨੇਡਾ: ਧਾਰਮਿਕ ਸਥਾਨਾਂ ਨੇੜੇ ਵਿਖਾਵਿਆਂ ’ਤੇ ਰੋਕ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 15 ਨਵੰਬਰ
ਕੈਨੇਡਾ ਵਿੱਚ ਭਾਰਤੀਆਂ ਦੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਬਰੈਂਪਟਨ ਵਿੱਚ ਪਿਛਲੇ ਦਿਨੀਂ ਕੌਂਸੁਲੇਟ ਅਮਲੇ ਵਲੋਂ ਧਾਰਮਿਕ ਸਥਾਨ ਅੰਦਰ ਲਾਏ ਕੈਂਪ ਮੌਕੇ ਹੁੱਲੜਬਾਜ਼ੀ ਨੂੰ ਫਿਰਕੂ ਰੰਗਤ ਦੇਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਰੈਂਪਟਨ ਅਤੇ ਮਿਸੀਸਾਗਾ ਨਗਰ ਨਿਗਮਾਂ ਨੇ ਧਾਰਮਿਕ ਸਥਾਨਾਂ ਦੇ 100 ਮੀਟਰ ਘੇਰੇ ’ਚ ਵਿਖਾਵੇ ਰੋਕਣ ਬਾਰੇ ਮਤਾ ਪਾਸ ਕੀਤੇ ਹਨ। ਮਤਿਆਂ ਦੇ ਖਰੜੇ ਨੂੰ ਅੰਤਿਮ ਰੂਪ ਦੇ ਕੇ ਹੋਂਦ ’ਚ ਲਿਆਉਣ ਮਗਰੋਂ ਅਜਿਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕੇਗੀ।
ਹੁਣ ਤੱਕ ਅਜਿਹਾ ਪ੍ਰਬੰਧ ਨਾ ਹੋਣ ਕਾਰਨ ਹੀ 3 ਨਵੰਬਰ ਨੂੰ ਮੁਜ਼ਾਹਰਾਕਾਰੀਆਂ ਨਾਲ ਨਰਮਾਈ ਵਰਤੀ ਗਈ ਸੀ, ਜਦਕਿ ਹੁਣ ਇਹ ਰੋਕਾਂ ਲਾਗੂ ਹੋਣ ’ਤੇ ਤਣਾਅ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਜਾਣਕਾਰੀ ਮੁਤਾਬਕ ਬਰੈਂਪਟਨ ਅਤੇ ਮਿਸੀਸਾਗਾ ਨਗਰ ਨਿਗਮਾਂ ਦੇ ਮਤਿਆਂ ’ਚ ਭਾਵੇਂ 100 ਮੀਟਰ ਦੂਰੀ ਦਾ ਜ਼ਿਕਰ ਹੈ ਪਰ ਹਾਲਾਤ ਅਨੁਸਾਰ ਘੱਟੋ-ਘੱਟ ਦੂਰੀ ਵਧਾਏ ਘਟਾਏ ਜਾਣ ਦੀ ਗੁੰਜਾਇਸ਼ ਦਾ ਪ੍ਰਬੰਧ ਵੀ ਹੈ। ਦੋਵਾਂ ਨਿਗਮਾਂ ਵਿੱਚ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਦੌਰਾਨ ਭਾਰਤੀ ਕੌਂਸਲੇਟ ਦਫ਼ਤਰ ਦੇ ਅਮਲੇ ਨੂੰ ਧਾਰਮਿਕ ਸਥਾਨਾਂ ਤੇ ਕੈਂਪ ਲਾਉਣ ਤੋਂ ਸੰਕੋਚ ਕਰਨ ਦੀ ਮੰਗ ਕੀਤੀ ਗਈ।
ਪੀਲ ਪੁਲੀਸ ਵੱਲੋਂ ਫ਼ੈਸਲੇ ਦਾ ਸਵਾਗਤ
ਬਰੈਂਪਟਨ ਤੇ ਮਿਸਸਾਗਾ ’ਚ ਅਮਨ-ਕਾਨੂੰਨ ਬਹਾਲ ਰੱਖਣ ਲਈ ਪਾਬੰਦ ਪੀਲ ਖੇਤਰੀ ਪੁਲੀਸ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਭਰੋਸਾ ਜਤਾਇਆ ਕਿ ਇਸ ਨਾਲ ਧਾਰਮਿਕ ਸਥਾਨਾਂ ਅੰਦਰਲੇ ਸ਼ਰਧਾਲੂਆਂ ਦੇ ਮਨ ਦੀ ਸ਼ਾਂਤੀ ’ਚ ਵਿਘਨ ਨਹੀਂ ਪਏਗਾ। ਪੁਲੀਸ ਬੁਲਾਰੇ ਨੇ ਕਿਹਾ ਕਿ ਉਹ ਭਾਰਤੀ ਕੌਂਸੁਲੇਟ ਦਫਤਰ, ਧਾਰਮਿਕ ਸਥਾਨ ਕਮੇਟੀਆਂ ਤੇ ਹੋਰਾਂ ਨਾਲ ਰਾਬਤਾ ਰੱਖਦਿਆਂ ਇਹ ਯਕੀਨੀ ਬਣਾਉਣਗੇ ਕਿ ਫਿਰ ਤੋਂ ਬਰੈਂਪਟਨ ਵਰਗੀ ਮੰਦਭਾਗੀ ਘਟਨਾ ਦੇ ਆਸਾਰ ਨਾ ਬਣ ਸਕਣ। ਉਨ੍ਹਾਂ ਆਖਿਆ ਕਿ ਧਾਰਮਿਕ ਸਥਾਨਾਂ ਨੇੜੇ ਪੁਲੀਸ ਦੀ ਗਸ਼ਤ ਵਧਾਈ ਗਈ ਹੈ ਤੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।