ਕੈਨੇਡਾ: ਟਰੂਡੋ ਸਰਕਾਰ ਡੇਗਣ ਦੀ ਇਕ ਹੋਰ ਕੋਸ਼ਿਸ਼ ਨਾਕਾਮ
* ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਮਤੇ ਦਾ ਵਿਰੋਧ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 10 ਦਸੰਬਰ
ਕੈਨੇਡਾ ਦੀ ਘੱਟਗਿਣਤੀ ਜਸਟਿਨ ਟਰੂਡੋ ਸਰਕਾਰ ਖਿਲਾਫ਼ ਵਿਰੋਧੀ ਪਾਰਟੀ ਆਗੂ ਪੀਅਰ ਪੋਲੀਵਰ ਵਲੋਂ ਸੰਸਦ ਵਿੱਚ ਪੇਸ਼ ਕੀਤਾ ਗਿਆ ਤੀਜਾ ਤੇ ਆਖਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱੱਲੋਂ ਪਿਛਲੇ ਮਹੀਨਿਆਂ ਦੌਰਾਨ ਦੋ ਵਾਰ ਅਜਿਹੇ ਬੇਭਰੋਸਗੀ ਮਤੇ ਪੇਸ਼ ਕੀਤੇ ਗਏ ਸਨ, ਪਰ ਕਿਸੇ ਹੋਰ ਪਾਰਟੀ ਵਲੋਂ ਹਮਾਇਤ ਨਾ ਮਿਲਣ ਕਰਕੇ ਇਹ ਕੋਸ਼ਿਸ਼ਾਂ ਠੁੱਸ ਹੋ ਗਈਆਂ। ਪੋਲੀਵਰ ਵੱਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਸੀ ਕਿ ਕਿਉਂਕਿ ਟਰੂਡੋ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੇ ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਰਕਾਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜੀਐੱਸਟੀ ਦੀ ਛੋਟ ਅਤੇ ਢਾਈ ਸੌ ਡਾਲਰ ਦੀ ਰਾਹਤ ਅਦਾਇਗੀ ਵਿੱਚ ਪੈਨਸ਼ਨ ਅਧਾਰਿਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ।
ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪੋਲਿਵਰ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਲਈ ਹੀ ਬੇਭਰੋਸਗੀ ਮਤਾ ਪੇਸ਼ ਕੀਤਾ ਹੋਵੇਗਾ। ਕੰਜ਼ਰਵੇਟਿਵ ਆਗੂ ਨੇ ਆਪਣੀ ਇਸ ਕੋਸ਼ਿਸ਼ ਵਿੱਚ ਅਸਫਲ ਰਹਿਣ ਕਰਕੇ ਆਪਣਾ ਆਖਰੀ ਮੌਕਾ ਵੀ ਗੁਆ ਲਿਆ ਹੈ। ਅਸਲ ਵਿੱਚ ਕੈਨੇਡਿਆਈ ਅਰਥਚਾਰੇ ਨੂੰ ਦਰਪੇਸ਼ ਮੰਦੀ ਦੇ ਇਸ ਦੌਰ ਵਿੱਚ ਕੰਜ਼ਰਵੇਟਿਵ ਪਾਰਟੀ (ਟੋਰੀ) ਤੋਂ ਬਿਨਾਂ ਕੋਈ ਵੀ ਹੋਰ ਪਾਰਟੀ ਚੋਣਾਂ ਦੇ ਜੋਖ਼ਮ ਵਿੱਚ ਨਹੀਂ ਪੈਣਾ ਚਾਹੁੰਦੀ। ਇਸੇ ਓਹਲੇ ਹੇਠ ਸਰਕਾਰ ਉੱਤੇ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮੰਨਣ ਲਈ ਜ਼ੋਰ ਪਾਇਆ ਜਾ ਰਿਹਾ ਹੈ।
ਕੰਜ਼ਰਵੇਟਿਵ ਪਾਰਟੀ ਦੀ ਚਾਲ ਦਾ ਹਿੱਸਾ ਨਹੀਂ ਬਣਾਂਗੇ: ਜਗਮੀਤ
ਐੱਨਡੀਪੀ ਆਗੂ ਜਗਮੀਤ ਸਿੰਘ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਵੱਲੋਂ ਖੇਡੀ ਜਾ ਰਹੀ ਕਿਸੇ ਵੀ ਖੇਡ ਦਾ ਹਿੱਸਾ ਨਹੀਂ ਬਣ ਸਕਦੀ। ਜਗਮੀਤ ਵਲੋਂ ਬੇਭਰੋਸਗੀ ਮਤੇ ਦਾ ਵਿਰੋਧ ਕੀਤੇ ਜਾਣ ਕਰਕੇ ਟੋਰੀ ਸੰਸਦ ਮੈਂਬਰਾਂ ਨੇ ਜੀਐੱਸਟੀ ਰਾਹਤ ਵਿੱਚ ਸੋਧਾਂ ਕਰਨ ਵਾਲੇ ਮਤੇ ਦਾ ਵਿਰੋਧ ਕੀਤਾ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੈਡ ਕੌਲਿਨ ਸਮੇਤ ਗਰੀਨ ਪਾਰਟੀ ਨੇ ਇਸ ਦੀ ਹਮਾਇਤ ਕੀਤੀ।