Canada and USA News: ਟੈਕਸ ਮਾਮਲੇ ’ਤੇ ਟਰੂਡੋ ਅਤੇ ਟਰੰਪ ਦਰਮਿਆਨ ਗੱਲਬਾਤ
ਸੁਰਿੰਦਰ ਮਾਵੀ
ਵਿਨੀਪੈਗ, 3 ਫ਼ਰਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਅਗਾਮੀ ਵਪਾਰਕ ਜੰਗ ਅਤੇ ਇਸ ਦੇ ਆਰਥਿਕ ਨੁਕਸਾਨਾਂ ਬਾਰੇ ਗੱਲਬਾਤ ਹੋਈ। ਇਹ ਦੋਵੇਂ ਆਗੂ ਭਲਕੇ ਇੱਕ ਵਾਰੀ ਮੁੜ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ ਅਤੇ ਵਾਈਟ ਹਾਊਸ ਨੇ ਇਸ ਬਾਰੇ ਤੁਰੰਤ ਕੋਈ ਜਾਣਕਾਰੀ ਨਸ਼ਰ ਨਹੀਂ ਕੀਤੀ ਕਿ ਦੋਵਾਂ ਆਗੂਆਂ ਦਰਮਿਆਨ ਕੀ ਗੱਲਬਾਤ ਹੋਈ ਪਰ ਟਰੂਡੋ ਦੇ ਬੁਲਾਰੇ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਵਪਾਰ ਅਤੇ ਸਰਹੱਦ ਬਾਰੇ ਗੱਲ ਕੀਤੀ ਅਤੇ ਪੁਸ਼ਟੀ ਕੀਤੀ ਕਿ ਉਹ ਮੰਗਲਵਾਰ ਨੂੰ ਟੈਰਿਫ਼ ਲਾਗੂ ਹੋਣ ਤੋਂ ਪਹਿਲਾਂ ਮੁੜ ਗੱਲ ਕਰਨਗੇ। ਇਸ ਦੌਰਾਨ ਟਰੰਪ ਨੇ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੋਮ ਨਾਲ ਵੀ ਗੱਲ ਕੀਤੀ। ਸ਼ੀਨਬੋਮ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਟਰੰਪ ਨਾਲ ਚੰਗੀ ਗੱਲਬਾਤ ਰਹੀ। ਉਨ੍ਹਾਂ ਨੇ ਅਮਰੀਕੀ ਸਰਹੱਦ ’ਤੇ ਮੈਕਸਿਕਨ ਨੈਸ਼ਨਲ ਗਾਰਡ ਦੇ 10,000 ਸੈਨਿਕਾਂ ਨੂੰ ਤਾਇਨਾਤ ਕਰਨ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਚਨਬੱਧਤਾ ਦੇ ਨਤੀਜੇ ਵਜੋਂ ਹੁਣ ਤੋਂ ਇੱਕ ਮਹੀਨੇ ਲਈ ਟੈਕਸ ਰੋਕ ਦਿੱਤੇ ਗਏ ਹਨ। ਇਹ ਸਪਸ਼ਟ ਨਹੀਂ ਹੋਇਆ ਕਿ ਕੀ ਉਹ ਮੈਕਸਿਕੋ ’ਤੇ ਟਰੰਪ ਦੇ ਟੈਰਿਫ਼ ਦਾ ਹਵਾਲਾ ਦੇ ਰਹੇ ਸਨ ਜਾਂ ਅਮਰੀਕੀ ਵਸਤੂਆਂ ’ਤੇ ਮੈਕਸਿਕੋ ਦੇ ਜਵਾਬੀ ਟੈਕਸ ਦੀ ਧਮਕੀ ਦਾ ਹਵਾਲਾ ਦੇ ਰਹੇ ਸਨ।
ਟਰੂਡੋ ਨਾਲ ਆਪਣੀ ਗੱਲਬਾਤ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਅਮਰੀਕੀ ਬੈਂਕਾਂ ਨੂੰ ਕੈਨੇਡਾ ਵਿਚ ਖੁੱਲ੍ਹਣ ਜਾਂ ਕਾਰੋਬਾਰ ਕਰਨ ਦੀ ਆਗਿਆ ਨਾ ਦੇਣ ਲਈ ਕੈਨੇਡਾ ਨੂੰ ਤਾੜਨਾ ਕੀਤੀ। ਸਰਕਾਰੀ ਅੰਕੜਿਆਂ ਅਨੁਸਾਰ ਕੈਨੇਡਾ ਦੇ ਵੱਡੇ ਬੈਂਕਾਂ ਕੋਲ ਸਾਰੀਆਂ ਘਰੇਲੂ ਬੈਂਕਿੰਗ ਜਾਇਦਾਦਾਂ ਦਾ 93 ਪ੍ਰਤੀਸ਼ਤ ਤੋਂ ਵੱਧ ਹਿੱਸਾ ਹੈ। ਕੈਨੇਡੀਅਨ ਬੈਂਕਾਂ ਨੂੰ ਨਿਯਮਿਤ ਤੌਰ ’ਤੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਬੈਂਕਾਂ ਵਿੱਚ ਦਰਜਾ ਦਿੱਤਾ ਜਾਂਦਾ ਹੈ।
ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਤੋਂ ਬਦਲਾ ਲੈਣ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰ ਰਹੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਅਮਰੀਕਾ ਨੂੰ ਤਬਾਹ ਕਰ ਰਹੇ ਹਨ। ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ਨੇ ਕਿਹਾ ਕਿ ਇਹ ਵਪਾਰ ਯੁੱਧ ਨਸ਼ਿਆਂ ਖ਼ਿਲਾਫ਼ ਜੰਗ ਹੈ। ਕੈਨੇਡਾ ਅਤੇ ਮੈਕਸਿਕੋ ਤੋਂ ਅਮਰੀਕਾ ਵਿਚ ਜਾਂਦੇ ਨਸ਼ਿਆਂ ਕਰਕੇ ਲੱਖਾਂ ਲੋਕਾਂ ਦੀ ਜਾਨ ਗਈ ਹੈ।