For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਨੇ ਪੱਕੇ ਕੀਤੇ ਜਾਣ ਵਾਲਿਆਂ ਦੀ ਗਿਣਤੀ ਮੁੜ ਘਟਾਈ

07:03 AM Oct 26, 2024 IST
ਕੈਨੇਡਾ ਨੇ ਪੱਕੇ ਕੀਤੇ ਜਾਣ ਵਾਲਿਆਂ ਦੀ ਗਿਣਤੀ ਮੁੜ ਘਟਾਈ
Advertisement

* ਕੈਨੇਡਾ ਦੇ ਲੋਕਾਂ ਨੂੰ ਤਰਜੀਹ ਦੇ ਆਧਾਰ ’ਤੇ ਰੁਜ਼ਗਾਰ ਦੇਣ ਦੇ ਨਿਯਮ ਸਖ਼ਤ ਕਰਨ ਦੀ ਤਿਆਰੀ
* ਪੱਕੇ ਹੋਣ ਵਾਲਿਆਂ ਦੀ ਗਿਣਤੀ 21 ਫੀਸਦ ਤੱਕ ਘਟਾਉਣ ਦਾ ਐਲਾਨ
* ਇਸ ਸਾਲ ਸਿਰਫ਼ ਪੰਜ ਲੱਖ ਲੋਕ ਕੀਤੇ ਜਾਣਗੇ ਪੱਕੇ

Advertisement

ਗੁਰਮਲਕੀਅਤ ਸਿੰਘ ਕਾਹਲੋਂ/ਏਪੀ
ਵੈਨਕੂਵਰ, 25 ਅਕਤੂਬਰ
ਜਸਟਿਨ ਟਰੂਡੋ ਸਰਕਾਰ ਵੱਲੋਂ ਆਵਾਸ ਨੀਤੀਆਂ ਵਿੱਚ ਤਬਦੀਲੀ ਕੀਤੇ ਜਾਣ ਕਾਰਨ ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਵਿਦੇਸ਼ੀਆਂ ਦੇ ਪੱਲੇ ਨਿਰਾਸ਼ਾ ਪਈ ਹੈ। ਲੰਘੇ 6 ਮਹੀਨਿਆਂ ਵਿੱਚ ਸਰਕਾਰ ਵੱਲੋਂ ਇੱਥੇ ਰਹਿੰਦੇ ਵਿਦੇਸ਼ੀਆਂ ਦੇ ਵੱਖ ਵੱਖ ਵਰਗਾਂ ਦੀ ਗਿਣਤੀ ਉੱਤੇ ਪੰਜਵੀਂ ਵਾਰ ਕੈਂਚੀ ਚਲਾਈ ਗਈ ਹੈ। ਇਸ ਤੋਂ ਪਹਿਲਾਂ ਸਟੱਡੀ ਵੀਜ਼ਿਆਂ ਦੀ ਗਿਣਤੀ ਤਿੰਨ ਵਾਰ ਘਟਾਈ ਜਾ ਚੁੱਕੀ ਹੈ ਅਤੇ ਉਸ ਮਗਰੋਂ ਪਿਛਲੇ ਮਹੀਨੇ ਵਰਕ ਪਰਮਿਟਧਾਰਕਾਂ ਦੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਤੇ ਹੁਣ ਪੱਕੇ ਹੋਣ ਵਾਲਿਆਂ ਦੀ ਗਿਣਤੀ 21 ਫ਼ੀਸਦੀ ਤੱਕ ਘਟਾਉਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਐਕਸ’ ਹੈਂਡਲ ’ਤੇ ਲਿਖਿਆ ਕਿ ਸਰਕਾਰ ਵਿਦੇਸ਼ੀ ਕਾਮਿਆਂ ’ਤੇ ਆਪਣੀ ਨਿਰਭਰਤਾ ਹੋਰ ਘਟਾ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਹੁਣ ਰੁਜ਼ਗਾਰ ਦਾਤਾ ਕੰਪਨੀਆਂ ਲਈ ਕੈਨੇਡੀਅਨ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਵਾਲੇ ਨਿਯਮ ਵਧੇਰੇ ਸਖਤ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਟਰੂਡੋ ਦੀ ਲਿਬਰਲ ਸਰਕਾਰ ਦੀ ਅਗਲੇ ਦੋ ਸਾਲਾਂ ਅੰਦਰ ਹਰ ਸਾਲ ਪੰਜ ਲੱਖ ਨਵੇਂ ਵਸਨੀਕਾਂ ਨੂੰ ਦੇਸ਼ ’ਚ ਇਜਾਜ਼ਤ ਦੇਣ ਦੀ ਯੋਜਨਾ ਲਈ ਆਲੋਚਨਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਕਾਲ ’ਚ ਵਿਗੜੇ ਅਬਾਦੀ ਸੰਤੁਲਨ ਨੂੰ ਠੀਕ ਕਰਨ ਲਈ ਇਸ ਸਾਲ ਸਿਰਫ਼ ਪੰਜ ਲੱਖ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ, ਜਦਕਿ 2025 ’ਚ ਇਹ ਗਿਣਤੀ 3 ਲੱਖ 95 ਹਜ਼ਾਰ ਹੋਵੇਗੀ। ਅਗਲੇ ਦੋ ਸਾਲਾਂ ’ਚ ਹਰ ਸਾਲ 15-15 ਹਜ਼ਾਰ ਹੋਰ ਕਟੌਤੀਆਂ ਹੋਣਗੀਆਂ ਤੇ 2027 ’ਚ ਗਿਣਤੀ ਘਟ ਕੇ 3 ਲੱਖ 65 ਹਜ਼ਾਰ ਰਹਿ ਜਾਵੇਗੀ। ਉਨ੍ਹਾਂ ਕਿਹਾ, ‘ਕੈਨੇਡਾ ਦੇ ਭਵਿੱਖ ਲਈ ਪਰਵਾਸ ਜ਼ਰੂਰੀ ਹੈ ਪਰ ਇਹ ਕੰਟਰੋਲ ਹੇਠ ਤੇ ਸਥਿਰ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਤਿੰਨ ਸਾਲ ਅੰਦਰ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਘਟਾਏਗੀ ਅਤੇ ਇਸ ਨਾਲ ਕੈਨੇਡਾ ’ਚ ਹੋ ਰਹੇ ਅਬਾਦੀ ਦੇ ਵਾਧੇ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਅਬਾਦੀ ’ਚ ਵਾਧੇ ਨੂੰ ਸਥਿਰ ਕਰਨ ਦੀ ਲੋੜ ਹੈ ਤਾਂ ਜੋ ਸਰਕਾਰ ਦੇ ਹਰ ਪੱਧਰ ’ਤੇ ਸਿਹਤ ਸੰਭਾਲ, ਰਿਹਾਇਸ਼ ਤੇ ਸਮਾਜਿਕ ਸੇਵਾਵਾਂ ’ਚ ਲੋੜੀਂਦੀ ਤਬਦੀਲੀ ਕਰਨ ਦੀ ਇਜਾਜ਼ਤ ਮਿਲ ਸਕੇ। ਆਵਾਸ ਮੰਤਰੀ ਮਾਈਕ ਮਿੱਲਰ ਨੇ ਕਿਹਾ ਕਿ ਵਿਦੇਸ਼ਾਂ ’ਚੋਂ ਕਾਮੇ ਸੱਦਣ ਦੀ ਥਾਂ ਹੁਣ ਇੱਥੇ ਵਸਦੇ ਅਸਥਾਈ ਲੋਕਾਂ ਨੂੰ ਪੱਕੇ ਕਰਨ ਨੂੰ ਪਹਿਲ ਦਿੱਤੀ ਜਾਏਗੀ, ਜੋ ਘਰਾਂ ਦੀ ਘਾਟ ਪੂਰੀ ਕਰਨ ਅਤੇ ਸਭ ਲਈ ਰੁਜ਼ਗਾਰ ਦੇ ਮੌਕੇ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿੱਚ 6 ਲੱਖ 70 ਹਜ਼ਾਰ ਘਰ ਬਣਾਉਣੇ ਜ਼ਰੂਰੀ ਹਨ ਤਾਂ ਜੋ ਸਭ ਨੂੰ ਛੱਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੱਕੇ ਕਰਨ ਦੀ ਗਿਣਤੀ ’ਚੋਂ ਹੁਣ 40 ਫ਼ੀਸਦੀ ਕੋਟਾ ਅਸਥਾਈ ਲੋਕਾਂ ਲਈ ਰਾਖਵਾਂ ਹੋਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਇੱਕ ਖੁੱਲ੍ਹਾ ਦੇਸ਼ ਹੈ ਪਰ ਹਰ ਕੋਈ ਇਸ ਦੇਸ਼ ’ਚ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਕੈਨੇਡਾ ਬਾਹਰੀ ਲੋਕਾਂ ਦਾ ਸਵਾਗਤ ਕਰਨਾ ਜਾਰੀ ਰੱਖੇਗਾ। ਦੂਜੇ ਪਾਸੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਨੇ ਟਰੂਡੋ ’ਤੇ ਪਰਵਾਸ ਬਾਰੇ ਕੌਮੀ ਸਹਿਮਤੀ ਖਤਮ ਕਰਨ ਦਾ ਦੋਸ਼ ਲਾਇਆ।

Advertisement

ਟਰੂਡੋ ਨੇ ਵੋਟਾਂ ਖਾਤਰ ਭਾਰਤ ਤੇ ਕੈਨੇਡਾ ਵਿਚਾਲੇ ਰਿਸ਼ਤੇ ਵਿਗਾੜੇ: ਕੈਪਟਨ

ਚੰਡੀਗੜ੍ਹ:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ-ਭਾਰਤ ਵਿਚਾਲੇ ਰਿਸ਼ਤੇ ਵਿਗਾੜਨ ਲਈ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ਼ ਚੋਣਾਂ ਦੌਰਾਨ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਵਿੱਚ ਹੈ। ਕੱਟੜਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਬਣੇ ਤਣਾਅ ਦਰਮਿਆਨ ਕੈਪਟਨ ਨੇ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਖੰਨਾ ’ਚ ਕਿਹਾ, ‘ਉਨ੍ਹਾਂ (ਟਰੂਡੋ) ਨੂੰ ਕੋਈ ਪ੍ਰਵਾਹ ਨਹੀਂ ਕਿ ਕੀ ਹੋ ਰਿਹਾ ਹੈ। ਉਹ ਖਾਲਿਸਤਾਨ ਨੂੰ ਉਤਸ਼ਾਹਿਤ ਕਰਦੇ ਹਨ। ਇਹ ਬਰਦਾਰਸ਼ਤ ਨਹੀਂ ਕੀਤਾ ਜਾ ਸਕਦਾ।’ -ਪੀਟੀਆਈ

ਵਿਦਿਆਰਥੀ ਸੋਚ-ਸਮਝ ਕੇ ਕੈਨੇਡਾ ਜਾਣ: ਸੰਜੈ ਵਰਮਾ

ਨਵੀਂ ਦਿੱਲੀ:

ਭਾਰਤ ਦੇ ਸਿਖਰਲੇ ਕੂਟਨੀਤਕ ਦਾ ਕਹਿਣਾ ਹੈ ਕਿ ਕੈਨੇਡਾ ’ਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਕਈ ਵਿਦਿਆਰਥੀ ਘਟੀਆ ਕਾਲਜਾਂ ’ਚ ਦਾਖਲਾ ਲੈ ਲੈਂਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਦਾ ਕੋਈ ਮੌਕਾ ਨਹੀਂ ਮਿਲਦਾ, ਜਿਸ ਕਾਰਨ ਉਹ ਨਿਰਾਸ਼ ਹੋ ਕੇ ਖੁਦਕੁਸ਼ੀ ਜਿਹੇ ਕਦਮ ਚੁੱਕਣ ਲਈ ਮਜਬੂਰ ਹੁੰਦੇ ਹਨ।ਭਾਰਤ ਵੱਲੋਂ ਕੈਨੇਡਾ ਤੋਂ ਵਾਪਸ ਸੱਦੇ ਗਏ ਕੂਟਨੀਤਕ ਸੰਜੈ ਵਰਮਾ ਨੇ ਪੀਟੀਆਈ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਮੇਰੇ ਕਾਰਜਕਾਲ ਦੌਰਾਨ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਹਫ਼ਤੇ ਘੱਟੋ-ਘੱਟ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ‘ਬਾਡੀ ਬੈਗ’ ਵਿੱਚ ਰੱਖ ਕੇ ਭਾਰਤ ਭੇਜੀਆਂ ਜਾਂਦੀਆਂ ਸਨ।’ ਉਨ੍ਹਾਂ ਕਿਹਾ, ‘ਨਾਕਾਮ ਹੋਣ ਮਗਰੋਂ ਮਾਪਿਆਂ ਦਾ ਸਾਹਮਣਾ ਕਰਨ ਦੀ ਥਾਂ ਉਹ ਖੁਦਕੁਸ਼ੀ ਕਰ ਲੈਂਦੇ ਹਨ।’ ਵਰਮਾ ਨੇ ਕਿਹਾ ਕਿ ਜੇ ਕੈਨੇਡਾ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹੁੰਦੇ ਤਾਂ ਵੀ ਉਹ ਮਾਪਿਆਂ ਨੂੰ ਇਹੀ ਸਲਾਹ ਦਿੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਅਪੀਲ ਖੁਦ ਪਿਤਾ ਹੋਣ ਦੇ ਨਾਤੇ ਕੀਤੀ ਹੈ। ਉਨ੍ਹਾਂ ਕਿਹਾ, ‘ਉਹ (ਵਿਦਿਆਰਥੀ) ਰੋਸ਼ਨ ਭਵਿੱਖ ਦਾ ਸੁਫ਼ਨਾ ਲੈ ਕੇ ਜਾਂਦੇ ਹਨ ਪਰ ਉਨ੍ਹਾਂ ਦੀਆਂ ਲਾਸ਼ਾਂ ‘ਬਾਡੀ ਬੈਗ’ ਵਿੱਚ ਵਾਪਸ ਆਉਂਦੀਆਂ ਹਨ।’ ਵਰਮਾ ਨੇ ਕਿਹਾ ਕਿ ਮਾਪਿਆਂ ਨੂੰ ਫ਼ੈਸਲਾ ਲੈਣ ਤੋਂ ਪਹਿਲਾਂ ਕਾਲਜਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਬੇਈਮਾਨ ਏਜੰਟ ਵੀ ਉਨ੍ਹਾਂ ਵਿਦਿਆਰਥੀਆਂ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹਨ ਜੋ ਅਜਿਹੇ ਕਾਲਜਾਂ ’ਚ ਦਾਖਲਾ ਦਿਵਾਉਂਦੇ ਹਨ ਜੋ ਹਫ਼ਤੇ ’ਚ ਸ਼ਾਇਦ ਹੀ ਇੱਕ ਕਲਾਸ ਲੈਂਦੇ ਹਨ। -ਪੀਟੀਆਈ

Advertisement
Author Image

joginder kumar

View all posts

Advertisement