For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਕਾਰ ਚੋਰੀ ਦੀਆਂ ਘਟਨਾਵਾਂ ਰੋਕਣ ’ਚ ਪ੍ਰਸ਼ਾਸਨ ਨਾਕਾਮ

06:18 AM Mar 20, 2024 IST
ਕੈਨੇਡਾ  ਕਾਰ ਚੋਰੀ ਦੀਆਂ ਘਟਨਾਵਾਂ ਰੋਕਣ ’ਚ ਪ੍ਰਸ਼ਾਸਨ ਨਾਕਾਮ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 19 ਮਾਰਚ
ਕੈਨੇਡਾ ਦੇ ਟੋਰਾਂਟੋ ਖੇਤਰ ਵਿਚ ਕਾਰ ਚੋਰੀ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਵਧ ਗਈਆਂ ਹਨ ਅਤੇ ਪੁਲੀਸ ਪ੍ਰਸ਼ਾਸਨ ਇਸ ਨੂੰ ਰੋਕਣ ’ਚ ਨਾਕਾਮ ਸਾਬਤ ਹੋਇਆ ਹੈ। ਇਸ ਮਾਮਲੇ ’ਤੇ ਪੁਲੀਸ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਕਰਨ ’ਚ ਤਾਂ ਕਾਮਯਾਬ ਨਹੀਂ ਹੋ ਸਕਿਆ ਪਰ ਇਸ ਦੇ ਉਲਟ ਪੁਲੀਸ ਵੱਲੋਂ ਦਿੱਤੇ ਜਾ ਰਹੇ ਹਾਸੋਹੀਣੇ ਬਿਆਨ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਰੋਜ਼ਾਨਾ ਕਾਰ ਚੋਰੀ ਦੀ ਔਸਤਨ 24 ਘਟਨਾਵਾਂ ਵਾਪਰਨ ’ਤੇ ਪੁਲੀਸ ਅਫਸਰ ਮਾਰਕੋ ਰਿਸੈਡੀ ਨੇ ਈਟੋਬੀਕੋ ’ਚ ਇਕੱਠ ਵਿਚ ਬੋਲਦਿਆਂ ਕਿਹਾ ਕਿ ਕਾਰ ਚੋਰਾਂ ਨੂੰ ਘਰਾਂ ’ਚ ਵੜਨ ਤੋਂ ਰੋਕਣ ਲਈ ਕਾਰਾਂ ਦੀਆਂ ਚਾਬੀਆਂ ਘਰਾਂ ਦੇ ਬਾਹਰ ਟੰਗ ਕੇ ਸੌਣਾ ਚਾਹੀਦਾ ਹੈ।
ਪੁਲੀਸ ਦੀ ਨਾਕਾਮੀ ਦੇ ਅਜਿਹੇ ਬਿਆਨ ਬਾਰੇ ਜਦ ਪੱਤਰਕਾਰਾਂ ਨੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀਆਂ ਘਟਨਾਵਾਂ ਨਾਲ ਸਖਤੀ ਨਾਲ ਨਿਪਟਣ ਦੀ ਬਜਾਏ ਪ੍ਰਤੀਕਰਮ ਦਿੱਤਾ ਕਿ ਚੋਰਾਂ ਦਾ ਥਕੇਵਾਂ ਲਾਹੁਣ ਲਈ ਚਾਬੀਆਂ ਦੇ ਕੋਲ ਮੇਜ਼ ’ਤੇ ਦੁੱਧ ਤੇ ਬਿਸਕੁਟ ਵੀ ਰੱਖਣੇ ਚਾਹੀਦੇ ਨੇ। ਪਿਛਲੇ ਦੋ ਦਿਨਾਂ ਤੋਂ ਪ੍ਰਸ਼ਾਸਨ ਦੇ ਅਜਿਹੇ ਬਿਆਨਾਂ ਦੀ ਇਥੇ ਖੂਬ ਚਰਚਾ ਹੋ ਰਹੀ ਹੈ ਤੇ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪ੍ਰਸ਼ਾਸਨ ਸਰਕਾਰ ਦੇ ਕਹਿਣ ’ਤੇ ਚੱਲ ਰਿਹਾ ਹੈ ਕਿ ਕਾਰ ਚੋਰਾਂ ਦੇ ?
ਇਥੇ ਦੱਸਣਾ ਬਣਦਾ ਹੈ ਕਿ ਚੋਰ ਮਹਿੰਗੀਆਂ ਕਾਰਾਂ ਚੋਰੀ ਕਰਕੇ ਤੁਰੰਤ ਬੰਦਰਗਾਹ ’ਤੇ ਲਿਜਾਂਦੇ ਹਨ ਜਿਥੇ ਕਾਰਾਂ ਨੂੰ ਪਹਿਲਾਂ ਤੋਂ ਤਿਆਰ ਖੜ੍ਹੇ ਕਨਟੇਨਰਾਂ ਵਿਚ ਲੱਦ ਕੇ ਜਹਾਜ਼ ’ਤੇ ਮੱਧ ਪੂਰਬੀ ਦੇਸ਼ਾਂ ’ਚ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੇਸ਼ਾਂ ਵਿਚ ਇਹਨਾਂ ਕਾਰਾਂ ਦੀ ਵਧਦੀ ਮੰਗ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਫੜੇ ਚੋਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਲਈ ਕਾਰ ਦੇ ਫੌਬ ਘੜਨੇ ਤੇ ਕੰਪਿਊਟਰਾਈਜ਼ ਸਿਸਟਮ ਦੀ ਰਿਸੈਟਿੰਗ ਚੋਰੀ ਕਰਨ ਮੌਕੇ ਰੁਕਾਵਟ ਨਹੀਂ ਬਣਦੀ। ਸਰਕਾਰ ਵੱਲੋਂ ਦਬਾਅ ਬਣਾਏ ਜਾਣ ਦੇ ਬਾਵਜੂਦ ਪੁਲੀਸ ਕਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਨੱਥ ਨਹੀਂ ਪਾ ਸਕੀ। ਉਪਰੋਂ ਪੁਲੀਸ ਅਫ਼ਸਰਾਂ ਦੇ ਅਜਿਹੇ ਬਿਆਨ ਲੋਕਾਂ ਦੀ ਨਿਰਾਸ਼ਾ ਵਿਚ ਹੋਰ ਵਾਧਾ ਕਰ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×