ਮਜਿ਼ੋਰਮ ਤੇ ਛੱਤੀਸਗੜ੍ਹ ’ਚ ਚੋਣ ਪ੍ਰਚਾਰ ਬੰਦ; ਵੋਟਿੰਗ ਭਲਕੇ
ਐਜ਼ੌਲ/ਰਾਏਪੁਰ, 5 ਨਵੰਬਰ
ਮਜਿ਼ੋਰਮ ਅਸੈਂਬਲੀ ਦੀਆਂ 40 ਸੀਟਾਂ ਤੇ ਛੱਤੀਸਗੜ੍ਹ ਵਿੱਚ ਪਹਿਲੇ ਪੜਾਅ ਤਹਤਿ 20 ਸੀਟਾਂ ਲਈ ਅੱਜ ਸ਼ਾਮੀਂ 4 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਇਨ੍ਹਾਂ ਦੋਵਾਂ ਰਾਜਾਂ ਵਿੱਚ 7 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਉਮੀਦਵਾਰ ਹੁਣ ਜਨਤਕ ਇਕੱਠਾਂ ਤੇ ਰੋਡ ਸ਼ੋਅ ਦੀ ਥਾਂ ਘਰੋ-ਘਰੀ ਜਾ ਕੇ ਹੀ ਪ੍ਰਚਾਰ ਕਰ ਸਕਣਗੇ। ਛੱਤੀਗਸੜ੍ਹ ਵਿਚ ਦੂਜੇ ਪੜਾਅ ਤਹਤਿ ਬਾਕੀ ਬਚਦੀਆਂ 70 ਸੀਟਾਂ ਲਈ 17 ਨਵੰਬਰ ਨੂੰ ਪੋਲਿੰਗ ਹੋਣੀ ਹੈ।
ਮਜਿ਼ੋਰਮ ਦੇ ਵਧੀਕ ਚੋਣ ਅਧਿਕਾਰੀ ਐੱਚ.ਲਿਆਂਜ਼ੇਲਾ ਨੇ ਕਿਹਾ ਕਿ ਇਕ ਮਹੀਨੇ ਤੋਂ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਅਮਨ ਤੇ ਕਾਨੂੰਨ ਬਣਿਆ ਰਿਹਾ ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਵੋਟਿੰਗ ਦਾ ਅਮਲ ਮੁਕੰਮਲ ਹੋਣ ਤੱਕ ਸਿਆਸੀ ਪਾਰਟੀਆਂ ਵੱਲੋਂ ਪ੍ਰੈੱਸ ਕਾਨਫਰੰਸ, ਇੰਟਰਵਿਊਜ਼ ਤੇ ਪੈਨਲ ਵਿਚਾਰ ਚਰਚਾ ’ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 1276 ਵੋਟਿੰਗ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ 30 ਦੇ ਕਰੀਬ ਪੋਲਿੰਗ ਸਟੇਸ਼ਨਾਂ, ਜੋ ਅੰਤਰਰਾਜੀ ਤੇ ਕੌਮਾਂਤਰੀ ਸਰਹੱਦਾਂ ਨਾਲ ਪੈਂਦੇ ਹਨ, ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਬੰਗਲਾਦੇਸ਼ ਤੇ ਮਿਆਂਮਾਰ ਨਾਲ ਲੱਗਦੀਆਂ ਸਰਹੱਦਾਂ ਤੇ ਸੂਬੇ ਵਿਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਚੋਣ ਡਿਊਟੀ ’ਤੇ ਘੱਟੋ-ਘੱਟ 3000 ਪੁਲੀਸ ਮੁਲਾਜ਼ਮ ਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ 5400 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮਜਿ਼ੋਰਮ ਵਿੱਚ ਮੁੱਖ ਮੁਕਾਬਲਾ ਮਜਿ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਤੇ ਕਾਂਗਰਸ ਵਿਚਾਲੇ ਹੈ। ਮਨੀਪੁਰ ਅਸੈਂਬਲੀ ਦੀਆਂ 40 ਸੀਟਾਂ ਲਈ 174 ਉਮੀਦਵਾਰ ਮੈਦਾਨ ਵਿੱਚ ਜਿਨ੍ਹਾਂ ਦੇ ਸਿਆਸੀ ਭਵਿੱਖ ਦਾ ਫੈਸਲਾ 8.57 ਲੱਖ ਤੋਂ ਵੱਧ ਵੋਟਰਾਂ ਵੱਲੋਂ ਕੀਤਾ ਜਾਵੇਗਾ। ਉਧਰ ਛੱਤੀਸਗੜ੍ਹ ਵਿੱਚ ਪਹਿਲੇ ਪੜਾਅ ਤਹਤਿ ਜਿਨ੍ਹਾਂ 20 ਸੀਟਾਂ ਲਈ 7 ਨਵੰਬਰ ਨੂੰ ਵੋਟਾਂ ਪੈਣਗੀਆਂ, ਉਨ੍ਹਾਂ ਵਿਚ ਨਕਸਲ ਪ੍ਰਭਾਵਤਿ ਬਸਤਰ ਡਿਵੀਜ਼ਨ ਦੇ ਸੱਤ ਜ਼ਿਲ੍ਹੇ ਤੇ ਚਾਰ ਹੋਰ ਜ਼ਿਲ੍ਹਿਆਂ- ਰਾਜਨੰਦਗਾਓਂ, ਮੋਹਲਾ-ਮਾਨਪੁਰ-ਅੰਬਗੜ੍ਹ ਚੌਕੀ, ਕਬੀਰਧਾਮ ਤੇ ਖੈਰਗੜ੍ਹ-ਛੂਹੀਖਾਦਾਨ-ਗੰਡਾਈ ਸ਼ਾਮਲ ਹਨ। ਪੋਲਿੰਗ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ। ਪਹਿਲੇ ਗੇੜ ਵਿੱਚ 20 ਸੀਟਾਂ ਲਈ 223 ਉਮੀਦਵਾਰ ਮੈਦਾਨ ਵਿੱਚ ਹਨ। ਪਹਿਲੇ ਗੇੜ ਵਿੱਚ ਸ਼ਾਮਲ ਪ੍ਰਮੁੱਖ ਉਮੀਦਵਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ (ਰਾਜਨੰਦਗਾਓਂ), ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਦੀਪਕ ਬੈਜ (ਚਤਿਰਕੂਟ) ਆਦਿ ਸ਼ਾਮਲ ਹਨ। -ਪੀਟੀਆਈ