ਨਰੋਟ ਜੈਮਲ ਸਿੰਘ ਨਗਰ ਪੰਚਾਇਤ ਦੀ ਚੋਣ ਲਈ ਪ੍ਰਚਾਰ ਤੇਜ਼
ਪੱਤਰ ਪ੍ਰੇਰਕ
ਪਠਾਨਕੋਟ, 17 ਦਸੰਬਰ
ਨਰੋਟ ਜੈਮਲ ਸਿੰਘ ਨਗਰ ਪੰਚਾਇਤ ਦੀ ਚੋਣ 21 ਦਸੰਬਰ ਨੂੰ ਹੋਣੀ ਹੈ ਜਿਸ ਕਰਕੇ ਚੋਣ ਪ੍ਰਚਾਰ ਮਘਿਆ ਪਿਆ ਹੈ। ਕੁੱਲ 11 ਵਾਰਡਾਂ ਅੰਦਰ ਤਿੰਨਾਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਸਾਰੇ 11 ਵਾਰਡਾਂ ਵਿੱਚ ਹੀ ਉਮੀਦਵਾਰ ਖੜ੍ਹੇ ਹਨ ਅਤੇ ਇਹ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਉਪਰ ਹੀ ਚੋਣਾਂ ਲੜ ਰਹੇ ਹਨ। ਤਿੰਨਾਂ ਪਾਰਟੀਆਂ ਦੇ ਮੁੱਖ ਆਗੂਆਂ ਨੇ ਇਸ ਨਗਰ ਅੰਦਰ ਡੇਰੇ ਲਗਾ ਰੱਖੇ ਹਨ। ਖਾਸ ਤੌਰ ’ਤੇ ਹੁਕਮਰਾਨ ਪਾਰਟੀ ਦੇ ਦਰਜਨ ਭਰ ਆਗੂ ਇੱਥੇ ਚੋਣ ਪ੍ਰਚਾਰ ਵਿੱਚ ਡਟੇ ਪਏ ਹਨ ਅਤੇ ਇਨ੍ਹਾਂ ਦੀ ਕਮਾਂਡ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਬੰਧੀ ਹੋਈ ਹੈ। ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਅਤੇ ਹੋਰ ਆਗੂਆਂ ਨੇ 1-1 ਵਾਰਡ ਸਾਂਭ ਰੱਖਿਆ ਹੈ ਤੇ ਉਹ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਨਗਰ ਪੰਚਾਇਤ ਅੰਦਰ ਸਾਰੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਰੱਖੀ ਹੈ ਤੇ ਉਹ ਆਪਣੇ ਉਮੀਦਵਾਰਾਂ ਨੂੰ ਸੱਤਾਧਾਰੀ ਆਗੂਆਂ ਤੋਂ ਕਿਸੇ ਵੀ ਤਰ੍ਹਾਂ ਡਰਨ ਦੀ ਲੋੜ ਨਹੀਂ, ਕਹਿ ਕੇ ਉਨ੍ਹਾਂ ਦਾ ਮਨੋਬਲ ਵਧਾ ਰਹੇ ਹਨ। ਇਸੇ ਤਰ੍ਹਾਂ ਤੀਸਰੀ ਪਾਰਟੀ ਭਾਜਪਾ ਹੈ ਜਿਸ ਦੀ ਕਮਾਨ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਸੰਭਾਲ ਰੱਖੀ ਹੈ ਪਰ ਭਾਜਪਾ ਦੀ ਹਾਲਤ ਪਤਲੀ ਨਜ਼ਰ ਆਉਂਦੀ ਹੈ ਕਿਉਂਕਿ ਉਨ੍ਹਾਂ ਦੇ ਚੋਣ ਪ੍ਰਚਾਰ ਸਮੇਂ ਲੋਕ ਘੱਟ ਹੀ ਹੁੰਗਾਰਾ ਭਰ ਰਹੇ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਘਰ-ਘਰ ਜਾ ਰਹੇ ਹਨ ਅਤੇ ਉਹ 32 ਮਹੀਨਿਆਂ ਦੇ ਕਾਰਜਕਾਲ ਸਮੇਂ ਇਸ ਨਗਰ ਲਈ ਲਿਆਂਦੇ ਗਏ ਪ੍ਰਾਜੈਕਟਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਉਸ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ।
ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗਣ ਪੁੱਜੇ ਸੀਨੀਅਰ ਆਗੂ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਲਈ ਸੀਨੀਅਰ ਆਗੂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗ ਰਹੇ ਹਨ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਆਗੂ ਦਿਨੇਸ਼ ਬੱਸੀ ਅੱਜ ਵਾਰਡ ਨੰਬਰ 33, 29, 35 ਅਤੇ 32 ‘ਚ ਚੋਣ ਪ੍ਰਚਾਰ ਕਰਨ ਪਹੁੰਚੇ। ਵਾਰਡ ਨੰਬਰ 33 ਤੋਂ ਮਹਿਲਾ ਉਮੀਦਵਾਰ ਗੁਰਨਾਮ ਕੌਰ, ਵਾਰਡ ਨੰਬਰ 29 ਤੋਂ ਉਮੀਦਵਾਰ ਸ਼ਵੇਤਾ ਛਾਬੜਾ, ਵਾਰਡ ਨੰਬਰ 35 ਤੋਂ ਸ਼ਿਵਾਨੀ ਸ਼ਰਮਾ ਅਤੇ ਵਾਰਡ ਨੰਬਰ 32 ਤੋਂ ਰਾਜਬੀਰ ਸਿੰਘ ਰਾਜੂ ਦੇ ਹੱਕ ਵਿੱਚ ਮੀਟਿੰਗਾਂ ਕੀਤੀਆਂ ਜਿਸ ਵਿੱਚ ਹਿੱਸਾ ਲੈਂਦਿਆਂ ਸੰਸਦ ਮੈਂਬਰ ਔਜਲਾ ਅਤੇ ਦਿਨੇਸ਼ ਬੱਸੀ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਪ੍ਰਤੀ ਪਿਆਰ ਦਿਨੋਂ-ਦਿਨ ਵਧ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦੀ ਸਥਿਤੀ ਡਾਵਾਂਡੋਲ ਹੈ ਜਿਸ ਨੂੰ ਸਿਰਫ਼ ਕਾਂਗਰਸ ਹੀ ਬਚਾ ਸਕਦੀ ਹੈ। ਦਿਨੇਸ਼ ਬੱਸੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਸਦਨ ਜ਼ਰੂਰੀ ਹੈ, ਪਰ ਜੇਕਰ ਸਦਨ ਵਿੱਚ ਇਮਾਨਦਾਰ ਆਗੂ ਹੋਣਗੇ ਤਾਂ ਸ਼ਹਿਰ ਵਧੀਆ ਤਰੀਕੇ ਨਾਲ ਤਰੱਕੀ ਕਰੇਗਾ।