For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ 92 ਸੀਟਾਂ ’ਤੇ ਵੋਟਿੰਗ ਲਈ ਪ੍ਰਚਾਰ ਬੰਦ

07:35 AM May 06, 2024 IST
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ 92 ਸੀਟਾਂ ’ਤੇ ਵੋਟਿੰਗ ਲਈ ਪ੍ਰਚਾਰ ਬੰਦ
ਭੋਪਾਲ ’ਚ ਐਤਵਾਰ ਨੂੰ ਟਰੱਕ ’ਚੋਂ ਈਵੀਐੱਮਜ਼ ਤੇ ਹੋਰ ਚੋਣ ਸਮੱਗਰੀ ਉਤਾਰਦੇ ਹੋਏ ਵਰਕਰ। -ਫੋਟੋ: ਪੀਟੀਆਈ
Advertisement
ਭੋਪਾਲ ਵਿੱਚ ਐਤਵਾਰ ਨੂੰ ਚੋਣ ਅਧਿਕਾਰੀ ਤੀਜੇ ਗੇੜ ਦੀਆਂ ਵੋਟਾਂ ਲਈ ਈਵੀਐੱਮਜ਼ ਵੰਡਣ ਦੀ ਤਿਆਰੀ ਕਰਦੇ ਹੋਏ। -ਫੋਟੋ: ਪੀਟੀਆਈ

ਅਹਿਮਦਾਬਾਦ/ਬੰਗਲੂਰੂ, 5 ਮਈ
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 92 ਸੀਟਾਂ ’ਤੇ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਨ੍ਹਾਂ ਸੀਟਾਂ ’ਤੇ 7 ਮਈ ਨੂੰ ਵੋਟਾਂ ਪੈਣੀਆਂ ਹਨ ਜਦਕਿ ਅਨੰਤਨਾਗ-ਰਾਜੌਰੀ ਸੀਟ ਲਈ ਵੋਟਾਂ ਹੁਣ ਛੇਵੇਂ ਗੇੜ ਦੌਰਾਨ ਪੈਣਗੀਆਂ। ਚੋਣਾਂ ਦੇ ਤੀਜੇ ਗੇੜ ਦੌਰਾਨ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਅਤੇ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਨੇ ਇੱਕ-ਦੂਜੇ ਨੂੰ ਰਾਖਵਾਂਕਰਨ ਤੇ ਜਨਤਾ ਦਲ (ਐੱਸ) ਦੇ ਆਗੂ ਪ੍ਰਜਵਲ ਰੇਵੰਨਾ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਜਿਹੇ ਮੁੱਦਿਆਂ ’ਤੇ ਘੇਰਿਆ।
ਚੋਣਾਂ ਦਾ ਇਹ ਗੇੜ ਭਾਜਪਾ ਲਈ ਕਾਫੀ ਅਹਿਮ ਹੈ ਕਿਉਂਕਿ ਪਾਰਟੀ ਨੇ 2019 ਵਿੱਚ ਗੁਜਰਾਤ, ਛੱਤੀਸਗੜ੍ਹ, ਬਿਹਾਰ ਤੇ ਮੱਧ ਪ੍ਰਦੇਸ਼ ਸਮੇਤ ਇਨ੍ਹਾਂ ਸੀਟਾਂ ’ਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਇਸ ਗੇੜ ਵਿੱਚ 120 ਮਹਿਲਾਵਾਂ ਸਮੇਤ ਕੁੱਲ 1300 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਤੀਜੇ ਗੇੜ ਦੀਆਂ ਵੋਟਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (ਗਾਂਧੀਨਗਰ), ਜਯੋਤਿਰਦਿੱਤਿਆ ਸਿੰਧੀਆ (ਗੁਨਾ), ਮਨਸੁਖ ਮਾਂਡਵੀਆ (ਪੋਰਬੰਦਰ), ਪ੍ਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ), ਐੱਸਪੀ ਸਿੰਘ ਬਘੇਲ (ਆਗਰਾ), ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਸ਼ਿਵਰਾਜ ਸਿੰਘ ਚੌਹਾਨ (ਵਿਦੀਸ਼ਾ) ਤੇ ਦਿਗਵਿਜੈ ਸਿੰਘ (ਰਾਜਗੜ੍ਹ), ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (ਹਾਵੇਰੀ) ਅਤੇ ਬਦਰੂਦੀਨ ਅਜਮਲ (ਧੁਬੜੀ) ਜਿਹੇ ਵੱਡੇ ਆਗੂਆਂ ਦੀ ਕਿਸਮਤ ਦਾ ਵੀ ਫ਼ੈਸਲਾ ਹੋਵੇਗਾ। ਇਸ ਦੌਰਾਨ ਗੁਜਰਾਤ ਦੀਆਂ 25, ਮਹਾਰਾਸ਼ਟਰ ਦੀਆਂ 11, ਉੱਤਰ ਪ੍ਰਦੇਸ਼ ਦੀਆਂ 10, ਕਰਨਾਟਕ ਦੀਆਂ ਬਾਕੀ ਰਹਿੰਦੀਆਂ 14, ਛੱਤੀਸਗੜ੍ਹ ਦੀਆਂ 7, ਮੱਧ ਪ੍ਰਦੇਸ਼ ਦੀਆਂ 8, ਬਿਹਾਰ ਦੀਆਂ ਪੰਜ, ਅਸਾਮ ਤੇ ਪੱਛਮੀ ਬੰਗਾਲ ਦੀਆਂ 4-4 ਅਤੇ ਗੋਆ ਦੀਆਂ ਦੋ ਸੀਟਾਂ ਲਈ ਵੋਟਾਂ ਪੈਣਗੀਆਂ। ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ (ਦੋ ਸੀਟਾਂ) ਲਈ ਵੀ ਵੋਟਾਂ ਤੀਜੇ ਗੇੜ ਦੌਰਾਨ 7 ਮਈ ਨੂੰ ਹੀ ਪੈਣਗੀਆਂ। ਕੁਝ ਕਾਰਨਾਂ ਕਰਕੇ ਅਨੰਤਨਾਗ-ਰਾਜੌਰੀ ਸੀਟ ਲਈ ਵੋਟਾਂ ਹੁਣ ਛੇਵੇਂ ਗੇੜ ਦੌਰਾਨ 25 ਮਈ ਨੂੰ ਪੈਣਗੀਆਂ। ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ’ਚ ਰੈਲੀਆਂ ਕੀਤੀਆਂ ਤੇ ਅਯੁੱਧਿਆ ਵਿੱਚ ਰਾਮ ਮੰਦਰ ’ਚ ਮੱਥਾ ਟੇਕਣ ਮਗਰੋਂ ਰੋਡ ਸ਼ੋਅ ਵੀ ਕੀਤਾ। ਆਪਣੀਆਂ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਸਪਾ ਨੂੰ ਪਰਿਵਾਰਵਾਦ ਦੇ ਮੁੱਦੇ ’ਤੇ ਨਿਸ਼ਾਨੇ ’ਤੇ ਰੱਖਿਆ। ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਸਮਾਜਿਕ ਨਿਆਂ, ਬੇਰੁਜ਼ਗਾਰੀ, ਕਿਸਾਨਾਂ ਨਾਲ ਬੇਇਨਸਾਫੀ ਸਮੇਤ ਹੋਰ ਮੁੱਦਿਆਂ ’ਤੇ ਹਾਕਮ ਧਿਰ ਨੂੰ ਘੇਰਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×