ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਪ੍ਰਚਾਰ ਬੰਦ
ਨਵੀਂ ਦਿੱਲੀ, 11 ਮਈ
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਦੇਸ਼ ਦੇ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਨ੍ਹਾਂ ਸੀਟਾਂ ਵਿੱਚ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਦੀਆਂ ਸਾਰੀਆਂ ਸੀਟਾਂ ਵੀ ਸ਼ਾਮਲ ਹਨ। ਆਂਧਰਾ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਇਨ੍ਹਾਂ ਸੀਟਾਂ ’ਤੇ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਰਾਖਵਾਂਕਰਨ, ਤੁਸ਼ਟੀਕਰਨ ਦੀ ਸਿਆਸਤ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਇੱਕ-ਦੂਜੇ ਨੂੰ ਘੇਰਿਆ। ਪ੍ਰਾਪਤ ਜਾਣਕਾਰੀ ਅਨੁਸਾਰ 13 ਮਈ ਨੂੰ ਚੌਥੇ ਗੇੜ ਦੀ ਪੋਲਿੰਗ ਦੌਰਾਨ ਤਿਲੰਗਾਨਾ ਦੀਆਂ 17 ਲੋਕ ਸਭਾ ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਚਾਰ, ਮੱਧ ਪ੍ਰਦੇਸ਼ ਦੀਆਂ ਅੱਠ, ਮਹਾਰਾਸ਼ਟਰ ਦੀਆਂ 11, ਉੜੀਸਾ ਦੀਆਂ ਚਾਰ, ਪੱਛਮੀ ਬੰਗਾਲ ਦੀਆਂ ਅੱਠ ਤੇ ਜੰਮੂ ਕਸ਼ਮੀਰ ਦੀ ਇੱਕ ਸੀਟ ’ਤੇ ਵੋਟਾਂ ਪੈਣਗੀਆਂ। ਇਨ੍ਹਾਂ 96 ’ਚੋਂ 40 ਸੀਟਾਂ ’ਤੇ ਇਸ ਸਮੇਂ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੇ ਸੰਸਦ ਮੈਂਬਰ ਹਨ। ਇਨ੍ਹਾਂ ਸੀਟਾਂ ਤੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ (ਕੰਨੌਜ), ਕੇਂਦਰੀ ਮੰਤਰੀ ਗਿਰੀਰਾਜ ਸਿੰਘ (ਬੇਗੂਸਰਾਏ), ਨਿੱਤਿਆਨੰਦ ਰਾਏ (ਉਜਿਆਰਪੁਰ, ਬਿਹਾਰ), ਕਾਂਗਰਸ ਆਗੂ ਅਧੀਰ ਰੰਜਨ ਚੌਧਰੀ (ਬਹਿਰਾਮਪੁਰ), ਭਾਜਪਾ ਦੀ ਪੰਕਜਾ ਮੁੰਡੇ (ਬੀੜ), ਏਆਈਐੱਮਆਈਐੱਮ ਪ੍ਰਧਾਨ ਅਸਦੂਦੀਨ ਓਵਾਇਸੀ (ਹੈਦਰਾਬਾਦ), ਆਂਧਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਾਈਐੱਸ ਸ਼ਰਮੀਲਾ (ਕਡੱਪਾ), ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਟੇਨੀ (ਖੀਰੀ), ਟੀਐੱਮਸੀ ਆਗੂ ਮਹੂਆ ਮੋਇਤਰਾ (ਕ੍ਰਿਸ਼ਨਾਨਗਰ) ਚੋਣ ਮੈਦਾਨ ਵਿੱਚ ਹਨ। ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਵੀ ਨਾਲ ਹੀ ਪੈਣਗੀਆਂ। ਇਨ੍ਹਾਂ ਸੀਟਾਂ ’ਤੇ ਮੁੱਖ ਮੁਕਾਬਲਾ ਕਾਂਗਰਸ ਦੀ ਅਗਵਾਈ ਹੇਠਲੇ ਇੰਡੀਆ ਗੱਠਜੋੜ ਤੇ ਐੱਨਡੀਏ ਵਿਚਾਲੇ ਹੈ। ਵਾਈਐੱਸਆਰਸੀ ਇੰਡੀਆ ਗੱਠਜੋੜ ਦਾ ਹਿੱਸਾ ਹੈ ਜਦਕਿ ਭਾਜਪਾ, ਚੰਦਰਬਾਬੂ ਨਾਇਡੂ ਦੀ ਟੀਡੀਪੀ ਤੇ ਪਵਨ ਕਲਿਆਣ ਦੀ ਅਗਵਾਈ ਹੇਠਲੀ ਜਨ ਸੈਨਾ ਪਾਰਟੀ ਐੱਨਡੀਏ ਦਾ ਹਿੱਸਾ ਹਨ। ਅਗਲੇ ਤਿੰਨ ਗੇੜਾਂ ਲਈ ਵੋਟਾਂ ਕ੍ਰਮਵਾਰ 20 ਮਈ, 25 ਮਈ ਤੇ 1 ਜੂਨ ਨੂੰ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਆਉਣਗੇ। -ਪੀਟੀਆਈ