For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪ੍ਰਚਾਰ ਬੰਦ

06:50 AM Apr 18, 2024 IST
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪ੍ਰਚਾਰ ਬੰਦ
ਸ਼ਿਲਾਂਗ ’ਚ ਈਵੀਐੱਮਜ਼ ਅਤੇ ਵੀਵੀਪੈਟ ਮਸ਼ੀਨਾਂ ਲਿਜਾਂਦੇ ਹੋਏ ਪੋਲਿੰਗ ਅਧਿਕਾਰੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਅਪਰੈਲ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਸ਼ਾਮੀਂ ਪੰਜ ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਸੱਤ ਪੜਾਵੀ ਚੋਣ ਪ੍ਰੋਗਰਾਮ ਦੇ ਪਹਿਲੇ ਗੇੜ ਤਹਿਤ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ’ਜ਼) ਵਿਚ ਪੈਂਦੀਆਂ 102 ਸੀਟਾਂ ਲਈ 19 ਅਪਰੈਲ ਨੂੰ ਵੋਟਾਂ ਪੈਣਗੀਆਂ। ਸੰਸਦੀ ਚੋਣਾਂ ਦੇ ਪਹਿਲੇ ਗੇੜ ਵਿਚ 8 ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਤੇ ਇਕ ਸਾਬਕਾ ਰਾਜਪਾਲ ਸਣੇ ਹੋਰ ਕਈ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਹਨ। ਸ਼ੁੱਕਰਵਾਰ ਨੂੰ ਪਹਿਲੇ ਗੇੜ ਤਹਿਤ ਤਾਮਿਲ ਨਾਡੂ ਦੀਆਂ ਸਾਰੀਆਂ 39 ਸੀਟਾਂ, ਰਾਜਸਥਾਨ ਦੀਆਂ 12, ਯੂਪੀ 8, ਮਹਾਰਾਸ਼ਟਰ 7, ਮੱਧ ਪ੍ਰਦੇਸ਼ ਤੇ ਉੱਤਰਾਖੰਡ 6-6, ਅਸਾਮ 5, ਬਿਹਾਰ 4, ਪੱਛਮੀ ਬੰਗਾਲ 3, ਮਨੀਪੁਰ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਦੋ-ਦੋ, ਜੰਮੂ ਕਸ਼ਮੀਰ, ਛੱਤੀਸਗੜ੍ਹ, ਲਕਸ਼ਦੀਪ, ਮਿਜ਼ੋਰਮ, ਨਾਗਾਲੈਂਡ, ਪੁੱਡੂਚੇਰੀ, ਸਿੱਕਮ, ਤ੍ਰਿਪਰਾ ਅਤੇ ਅੰਡੇਮਾਨ ਤੇ ਨਿਕੋਬਾਰ ਦੀ ਇਕ ਇਕ ਸੀਟ ਲਈ ਵੋਟਾਂ ਪੈਣਗੀਆਂ। ਪਹਿਲੇ ਗੇੜ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਣੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਰੋਡ ਸ਼ੋਅ ਕੀਤੇ।
ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਗਪੁਰ ਸੀਟ ਤੋਂ ਹੈਟ੍ਰਿਕ ਲਾਉਣ ਦੀ ਫਿਰਾਕ ਵਿਚ ਹਨ। 2014 ਵਿਚ ਉਨ੍ਹਾਂ ਸੱਤ ਵਾਰ ਦੇ ਸੰਸਦ ਮੈਂਬਰ ਵਿਲਾਸ ਮੁੱਤੇਮਵਾਰ ਨੂੰ 2.84 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਮਗਰੋਂ 2019 ਵਿਚ ਉਨ੍ਹਾਂ ਇਸੇ ਸੀਟ ’ਤੇ ਆਪਣੀ ਦਾਅਵੇਦਾਰੀ ਨੂੰ ਕਾਇਮ ਰੱਖਦੇ ਹੋਏ ਮਹਾਰਾਸ਼ਟਰ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਾਨਾ ਪਟੋਲੇ ਨੂੰ 2.16 ਲੱਖ ਵੋਟਾਂ ਨਾਲ ਸ਼ਿਕਸਤ ਦਿੱਤੀ ਸੀ। ਕੇਂਦਰੀ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮੀ ਸੀਟ ਤੋਂ ਚੋਣ ਲੜ ਰਹੇ ਹਨ। ਰਿਜਿਜੂ 2004 ਤੋਂ ਤਿੰਨ ਵਾਰ ਇਸ ਸੰਸਦੀ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸਾਬਕਾ ਕਾਨੂੰਨ ਮੰਤਰੀ ਰਿਜਿਜੂ ਦੇ ਮੁਕਾਬਲੇ ਸਾਬਕਾ ਮੁੱਖ ਮੰਤਰੀ ਤੇ ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਬਾਮ ਤੁਕੀ ਮੈਦਾਨ ਵਿਚ ਹਨ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗਾਂ ਬਾਰੇ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸਰਬਾਨੰਦ ਸੋਨੋਵਾਲ ਅਸਾਮ ਵਿਚ ਡਿਬਰੂਗੜ੍ਹ ਸੀਟ ਤੋਂ ਲੋਕ ਸਭਾ ਵਿਚ ਵਾਪਸੀ ਕਰਨ ਦੀ ਤਿਆਰੀ ਵਿਚ ਹਨ। ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਨੂੰ ਟਿਕਟ ਨਾ ਦਿੱਤੇ ਜਾਣ ਮਗਰੋਂ ਸੋਨੋਵਾਲ ਨੂੰ ਮੌਕਾ ਦਿੱਤਾ ਗਿਆ ਹੈ। ਯੂਪੀ ਦੇ ਮੁਜ਼ੱਫਰਨਗਰ ਵਿਚ ਤਿੰਨ ਧਿਰੀ ਮੁਕਾਬਲੇ ਵਿਚ ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਸਮਾਜਵਾਦੀ ਪਾਰਟੀ ਦੇ ਹਰਿੰਦਰ ਮਲਿਕ ਤੇ ਬਸਪਾ ਉਮੀਦਵਾਰ ਦਾਰਾ ਸਿੰਘ ਪ੍ਰਜਾਪਤੀ ਇਕ ਦੂਜੇ ਨੂੰ ਟੱਕਰ ਦੇਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਰਾਜ ਮੰਤਰੀ ਤੇ ਦੋ ਵਾਰ ਸੰਸਦ ਮੈਂਬਰ ਰਹੇ ਜੀਤੇਂਦਰ ਸਿੰਘ ਊਧਮਪੁਰ ਤੋਂ ਹੈਟ੍ਰਿਕ ਲਾਉਣ ਦੀ ਤਿਆਰੀ ਵਿਚ ਹਨ। ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਭੁਪੇਂਦਰ ਯਾਦਵ ਰਾਜਸਥਾਨ ਦੇ ਅਲਵਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਲਲਿਤ ਯਾਦਵ ਖਿਲਾਫ਼ ਚੋਣ ਲੜ ਰਹੇ ਹਨ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਰਾਜਸਥਾਨ ਦੀ ਬੀਕਾਨੇਰ ਸੰਸਦੀ ਸੀਟ ਤੋਂ ਸਾਬਕਾ ਕਾਂਗਰਸੀ ਮੰਤਰੀ ਗੋਵਿੰਦ ਰਾਮ ਮੇਘਵਾਲ ਖਿਲਾਫ਼ ਉਤਾਰਿਆ ਗਿਆ ਹੈ। ਤਾਮਿਲਨਾਡੂ ਦੀ ਨੀਲਗਿਰੀਜ਼ ਲੋਕ ਸਭਾ ਸੀਟ ਤੋਂ ਡੀਐੱਮਕੇ ਦੇ ਸੰਸਦ ਮੈਂਬਰ ਏ.ਰਾਜਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਉਮੀਦਵਾਰ ਐੱਲ.ਮੁਰੂਗਨ ਖਿਲਾਫ਼ ਚੋਣ ਲੜ ਰਹੇ ਹਨ। ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਮੁਰੂਗਨ ਪਹਿਲੀ ਵਾਰ ਇਥੋਂ ਚੋਣ ਲੜ ਰਹੇ ਹਨ। ਸ਼ਿਵਗੰਗਾ ਤੋਂ ਸੰਸਦ ਮੈਂਬਰ ਕਾਰਤੀ ਚਿਦੰਬਰਮ ਮੁੜ ਚੋਣ ਜਿੱਤਣ ਲਈ ਭਾਜਪਾ ਦੇ ਟੀ.ਦੇਵਨਾਥਨ ਯਾਦਵ ਤੇ ਅੰਨਾ ਡੀਐੱਮਕੇ ਦੇ ਸ਼ੇਵੀਅਰ ਦਾਸ ਖਿਲਾਫ਼ ਚੋਣ ਮੈਦਾਨ ਵਿਚ ਹਨ। ਕਾਰਤੀ ਦੇ ਪਿਤਾ ਤੇ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਸੱਤ ਵਾਰ ਇਸ ਸੀਟ ਤੋਂ ਲੋਕ ਸਭਾ ਦੀ ਚੋਣ ਜਿੱਤੇ ਚੁੱਕੇ ਹਨ। ਹਾਲ ਹੀ ਵਿਚ ਤਿਲੰਗਾਨਾ ਦੇ ਰਾਜਪਾਲ ਤੇ ਪੁੱਡੂਚੇਰੀ ਦੇ ਉਪ ਰਾਜਪਾਲ ਵਜੋਂ ਅਸਤੀਫ਼ਾ ਦੇਣ ਵਾਲੇ ਤਾਮਿਲੀਸਾਈ ਸੁੰਦਰਾਰਾਜਨ ਚੇਨੱਈ ਦੱਖਣੀ ਲੋਕ ਸਭਾ ਸੀਟ ਤੋਂ ਕਿਸਮਤ ਅਜ਼ਮਾ ਰਹੇ ਹਨ। ਉਹ ਡੀਐੱਮਕੇ ਆਗੂ ਕਨੀਮੋੜੀ ਖਿਲਾਫ਼ ਚੋਣ ਲੜਨਗੇ, ਜੋ ਇਸ ਸੀਟ ਤੋਂ ਮੁੜ ਚੋਣ ਜਿੱਤਣ ਲਈ ਪੱਬਾਂ ਭਾਰ ਹੈ। ਕਾਂਗਰਸ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦਾ ਪੁੱਤਰ ਨਕੁਲ ਨਾਥ ਛਿੰਦਵਾੜਾ ਤੋਂ ਮੁੜ ਚੋਣ ਮੈਦਾਨ ਵਿਚ ਹੈ। ਕਮਲ ਨਾਥ 1980 ਤੋਂ ਇਸ ਸੀਟ ਤੋਂ ਜਿੱਤਦੇ ਆ ਰਹੇ ਹਨ। ਉਨ੍ਹਾਂ 9 ਵਾਰ ਇਹ ਸੀਟ ਜਿੱਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਛਿੰਦਵਾੜਾ ਸੀਟ ਨੂੰ ਛੱਡ ਕੇ ਸੂਬੇ ਦੀਆਂ 29 ਸੀਟਾਂ ਵਿਚੋਂ 28 ’ਤੇ ਜਿੱਤ ਦਰਜ ਕੀਤੀ ਸੀ। 19 ਅਪਰੈਲ ਨੂੰ ਪਹਿਲੇ ਗੇੜ ਦੀਆਂ ਚੋਣਾਂ ਵਿਚ ਤ੍ਰਿਪੁਰਾ ਦੀਆਂ ਦੋ ਲੋਕ ਸਭਾ ਸੀਟਾਂ ਵਿਚੋਂ ਪੱਛਮੀ ਤ੍ਰਿਪੁਰਾ ਦੀ ਇਸ ਸੀਟ ਲਈ ਵੀ ਵੋਟਿੰਗ ਹੋਵੇਗੀ। ਇਥੇ ਸਾਬਕਾ ਮੁੱਖ ਮੰਤਰੀ ਬਿਪਲਭ ਕੁਮਾਰ ਦੇਬ ਤੇ ਸੂਬਾਈ ਕਾਂਗਰਸ ਪ੍ਰਧਾਨ ਆਸ਼ੀਸ਼ ਕੁਮਾਰ ਸਾਹਾ ਖਿਲਾਫ਼ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਸੇ ਤਰ੍ਹਾਂ ਮਨੀਪੁਰ ਦੇ ਕਾਨੂੰਨ ਤੇ ਸਿੱਖਿਆ ਮੰਤਰੀ ਬਸੰਤਾ ਕੁਮਾਰ ਸਿੰਘ ਇੰਨਰ ਮਨੀਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਹਨ। ਉਨ੍ਹਾਂ ਦਾ ਮੁਕਾਬਲਾ ਜੇਐੱਨਯੂ ਪ੍ਰੋਫੈਸਰ ਤੇ ਕਾਂਗਰਸ ਉਮੀਦਵਾਰ ਬਿਮਲ ਅਕੋਈਜਾਮ ਨਾਲ ਹੈ। ਉੱਤਰੀ ਰਾਜਸਥਾਨ ਵਿਚ ਭਾਜਪਾ ਦੇ ਮਜ਼ਬੂਤ ਗੜ੍ਹ ਮੰਨੇ ਜਾਂਦੇ ਚੁਰੂ ਵਿਚ ਭਾਜਪਾ ਉਮੀਦਵਾਰ ਤੇ ਪੈਰਾ-ਓਲੰਪਿਕ ਖੇਡਾਂ ਵਿਚ ਦੋ ਵਾਰ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਦੇਵੇਂਦਰ ਝਾਂਝੜੀਆ ਕਾਂਗਰਸ ਦੇ ਰਾਹੁਲ ਕਾਸਵਾਨ ਨਾਲ ਮੱਥਾ ਲਾਉਣਗੇ। -ਪੀਟੀਆਈ

Advertisement

ਧਾਰਾ 370 ਰੱਦ ਹੋਣ ਮਗਰੋਂ ਊਧਮਪੁਰ ’ਚ ਪਹਿਲੀ ਚੋਣ

ਜੰਮੂ: ਜੰਮੂ ਕਸ਼ਮੀਰ ਦੇ ਊਧਮਪੁਰ ਸੰਸਦੀ ਹਲਕੇ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਬੰਦ ਹੋ ਗਿਆ। ਸਾਲ 2019 ਵਿਚ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੇ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਮਗਰੋਂ ਸੂਬੇ ਵਿਚ ਇਹ ਪਲੇਠਾ ਅਹਿਮ ਚੋਣ ਮੁਕਾਬਲਾ ਹੈ। ਊਧਮਪੁਰ ਲੋਕ ਸਭਾ ਹਲਕੇ ਲਈ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਸਣੇ ਕੁੱਲ 12 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸਿੰਘ ਨੂੰ ਕਾਂਗਰਸੀ ਉਮੀਦਵਾਰ ਚੌਧਰੀ ਲਾਲ ਸਿੰਘ ਤੋਂ ਵੱਡੀ ਚੁਣੌਤੀ ਦਰਪੇਸ਼ ਹੈ। ਸਿੰਘ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਬਣਨ ਦੀ ਦੌੜ ਵਿਚ ਹਨ। ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਉਮੀਦਵਾਰ ਤੇ ਜੰਮੂ ਕਸ਼ਮੀਰ ਸਰਕਾਰ ’ਚ ਸਾਬਕਾ ਮੰਤਰੀ ਜੀ.ਐੱਮ.ਸਰੂਰੀ ਦੀ ਮੌਜੂਦਗੀ ਨਾਲ ਤਿਕੋਣਾ ਮੁਕਾਬਲਾ ਬਣ ਗਿਆ ਹੈ। ਊਧਮਪੁਰ ਸੰਸਦੀ ਹਲਕਾ ਕਿਸ਼ਤਵਾੜ, ਡੋਡਾ, ਰਾਮਬਨ, ਊਧਮਪੁਰ ਤੇ ਕਠੂਆ ਵਿਚ ਫੈਲਿਆ ਹੋਇਆ ਹੈ। ਇਸ ਸੰਸਦੀ ਹਲਕੇ ਵਿਚ ਕੁੱਲ 16.23 ਲੱਖ ਵੋਟਰ ਹਨ, ਜਿਨ੍ਹਾਂ ਵਿਚੋਂ 7.77 ਲੱਖ ਮਹਿਲਾਵਾਂ ਹਨ। ਪੋਲਿੰਗ ਲਈ ਕੁੱਲ 2637 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×