For the best experience, open
https://m.punjabitribuneonline.com
on your mobile browser.
Advertisement

ਪੀਯੂ ਵਿਦਿਆਰਥੀ ਕਾਊਂਸਲ ਚੋਣਾਂ ਲਈ ਪ੍ਰਚਾਰ ਥੰਮਿਆ

06:42 AM Sep 05, 2023 IST
ਪੀਯੂ ਵਿਦਿਆਰਥੀ ਕਾਊਂਸਲ ਚੋਣਾਂ ਲਈ ਪ੍ਰਚਾਰ ਥੰਮਿਆ
ਪੁਸੂ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਦਵਿੰਦਰ ਪਾਲ ਸਿੰਘ ਦੀ ਕੁੱਟਮਾਰ ਕਰਦੇ ਹੋਏ ਸੀਵਾਈਐੱਸਐੱਸ ਦੇ ਸਮਰਥਕ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 4 ਸਤੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਕਾਊਂਸਲ ਚੋਣਾਂ ਸਬੰਧੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਵਿਦਿਆਰਥੀ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਲਈ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਤੇ ਪੈਦਲ ਮਾਰਚਾਂ ਦਾ ਅੱਜ ਆਖ਼ਰੀ ਦਿਨ ਸੀ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਅੱਜ ਦੂਸਰੇ ਦਿਨ ਵੀ ਬਾਕਾਇਦਾ ਟਾਈਮ-ਟੇਬਲ ਦੀ ਲਿਸਟ ਜਾਰੀ ਕਰਕੇ ਚੋਣ ਲੜ ਰਹੀਆਂ ਸਾਰੀਆਂ ਜਥੇਬੰਦੀਆਂ ਨੂੰ ਪੈਦਲ ਮਾਰਚ ਕੱਢਣ ਦੀ ਇਜਾਜ਼ਤ ਦਿੱਤੀ ਗਈ। ਇਸ ਤਰ੍ਹਾਂ ਵਿਦਿਆਰਥੀ ਜਥੇਬੰਦੀਆਂ ਨੇ ਆਪੋ ਆਪਣੇ ਤੈਅ ਸਮੇਂ ਮੁਤਾਬਕ ਸ਼ਾਮ ਸਾਢੇ 5 ਵਜੇ ਤੋਂ ਰਾਤ 9 ਵਜੇ ਤੱਕ ਸ਼ਕਤੀ ਪ੍ਰਦਰਸ਼ਨ ਕੀਤਾ। ਚੋਣ ਪ੍ਰਚਾਰ ਦੌਰਾਨ ਦੇਰ ਸ਼ਾਮ ਕੈਮਿਸਟਰੀ ਵਿਭਾਗ ਦੀ ਕੰਟੀਨ ਨੇੜੇ ਪੁਸੂ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਦਵਿੰਦਰਪਾਲ ਸਿੰਘ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦੀ ਦਸਤਾਰ ਵੀ ਉਤਰ ਗਈ। ਸੀਵਾਈਐੱਸਐੱਸ ਦੇ ਪ੍ਰਧਾਨਗੀ ਉਮੀਦਵਾਰ ’ਤੇ ਇਸ ਹਮਲੇ ਦਾ ਦੋਸ਼ ਲਾਉਂਦਿਆਂ ਪੁਸੂ ਸਮੇਤ ਕਈ ਵਿਦਿਆਰਥੀ ਜਥੇਬੰਦੀਆਂ ਨੇ ਪ੍ਰਬੰਧਕੀ ਬਲਾਕ ਅੱਗੇ ਸਾਂਝੇ ਤੌਰ ’ਤੇ ਧਰਨਾ ਸ਼ੁਰੂ ਕਰ ਦਿੱਤਾ। ਡੀਨ ਵਿਦਿਆਰਥੀ ਭਲਾਈ ਪ੍ਰੋ. ਜਤਿੰਦਰ ਗਰੋਵਰ ਨੇ ਸਥਿਤੀ ਨੂੰ ਭਾਂਪਦਿਆਂ ਝਗੜੇ ਵਾਲੀ ਥਾਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਸੂ ਦੇ ਉਮੀਦਵਾਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਉਤੇ ਫਾਰਮੇਸੀ ਵਿਭਾਗ ਕੋਲ ਪਹੁੰਚਿਆ ਤਾਂ ਉਥੇ ਉਸ ਦੇ ਦੋਸਤ ਦੀ ਸੀਵਾਈਐੱਸਐੱਸ ਦੇ ਕਾਰਕੁਨ ਕੁੱਟਮਾਰ ਕਰ ਰਹੇ ਸਨ। ਇਸ ਦਾ ਕਾਰਨ ਪੁੱਛੇ ਜਾਣ ’ਤੇ ਉਸ ਉਤੇ ਵੀ ਹਮਲਾ ਕਰ ਦਿੱਤਾ ਗਿਆ ਅਤੇ ਮਾਰਕੁੱਟ ਕੀਤੀ ਗਈ। ਉਸ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਹਾਲੇ ਮਾਮਲਾ ਸਪੱਸ਼ਟ ਨਹੀਂ ਹੋ ਸਕਿਆ ਸੀ ਅਤੇ ਧਰਨਾ ਜਾਰੀ ਸੀ।

Advertisement

ਸੀਵਾਈਐੱਸਐੱਸ ਨੇ ਦੋਸ਼ ਨਕਾਰੇ

ਸੀਵਾਈਐੱਸਐੱਸ ਦੇ ਜਨਰਲ ਸਕੱਤਰ ਪਾਰਸ ਰਤਨ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੀ ਉਨ੍ਹਾਂ ਦੀ ਜਥੇਬੰਦੀ ਦੀ ਚੜ੍ਹਤ ਦੇਖ ਕੇ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ 23 ਅਗਸਤ ਨੂੰ ਵੀ ਵਿਦਿਆਰਥੀ ਕੇਂਦਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੀ ਪਾਰਟੀ ਦੇ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ। ਅੱਜ ਫਿਰ 4 ਸਤੰਬਰ ਨੂੰ ਸਵੇਰੇ ਯੂਆਈਐੱਲਐੱਸ ਵਿਭਾਗ ਵਿਖੇ ਸੀਵਾਈਐੱਸਐੱਸ ਦੇ ਪ੍ਰਚਾਰ ਦੌਰਾਨ ਬਾਹਰੀ ਵਿਅਕਤੀਆਂ ਨੂੰ ਸ਼ਾਮਲ ਕਰਨ ਦੇ ਦੋਸ਼ ਲਗਾਏ ਗਏ ਪਰ ਪੁਲੀਸ ਦੇ ਪਹੁੰਚਣ ’ਤੇ ਸਾਰੇ ਵਿਦਿਆਰਥੀਆਂ ਦੇ ਪਛਾਣ ਪੱਤਰ ਦਿਖਾਏ ਗਏ। ਹੁਣ ਦੇਰ ਸ਼ਾਮ ਪੂਸੂ ਦੇ ਉਮੀਦਵਾਰ ਦਾ ਕੈਮਿਸਟਰੀ ਕੰਟੀਨ ਦੇ ਬਾਹਰ ਝਗੜਾ ਕਿਸੇ ਹੋਰ ਨਾਲ ਹੋਇਆ ਪਰ ਦੋਸ਼ ਸੀਵਾਈਐੱਸਐੱਸ ਉਤੇ ਲਗਾ ਕੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।

ਵਿਦਿਆਰਥੀ ਜਥੇਬੰਦੀਆਂ ਵੱਲੋਂ ਕਾਲਜਾਂ ’ਚ ਸ਼ਕਤੀ ਪ੍ਰਦਰਸ਼ਨ

ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਯੂਟੀ ਦੇ ਕਾਲਜਾਂ ਵਿੱਚ 6 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਲਈ ਅੱਜ ਦੋ ਕਾਲਜਾਂ ਵਿਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ਕਾਲਜ ਦੇ ਪ੍ਰਬੰਧਕਾਂ ਤੇ ਰੈਲੀਆਂ ਕਰਨ ਵਾਲਿਆਂ ਨੇ ਸ਼ਕਤੀ ਪ੍ਰਦਰਸ਼ਨ ਕਰਾਰ ਦਿੱਤਾ ਹੈ। ਇੱਕ ਕਾਲਜ ਵਿੱਚ ਸ਼ਕਤੀ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੇ ਬੇਕਾਬੂ ਹੋਣ ਕਰ ਕੇ ਪੁਲੀਸ ਸੱਦਣੀ ਪਈ। ਇਸ ਤੋਂ ਇਲਾਵਾ ਦੂਜੇ ਕਾਲਜਾਂ ਵਿਚ ਸਖ਼ਤੀ ਰਹੀ ਤੇ ਉਨ੍ਹਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਰੈਲੀ ਤੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਵੀ ਮੁੱਖ ਪਾਰਟੀਆਂ ਨੇ ਚੋਣ ਪ੍ਰਚਾਰ ਕੀਤਾ। ਪੀਯੂ ਪ੍ਰਸ਼ਾਸਨ ਵੱਲੋਂ ਰੈਲੀ ਕਰਨ ਦੀ ਮਨਾਹੀ ਕਰਨ ਤੋਂ ਬਾਅਦ ਡੀਏਵੀ ਕਾਲਜ, ਐਸਡੀ ਕਾਲਜ, ਤੇ ਹੋਰ ਕਾਲਜਾਂ ਵਿਚ ਰੈਲੀਆਂ ਨਹੀਂ ਹੋਈਆਂ। ਦੂਜੇ ਪਾਸੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿੱਚ ਪੁਸੂ, ਸੋਈ ਤੇ ਜੀਜੀਐਸਯੂ ਦਾ ਗੱਠਜੋੜ ਹੈ। ਇਸ ਗੱਠਜੋੜ ਦੇ ਪ੍ਰਭਜੋਤ ਸਿੰਘ ਹਰੀਕਾ ਵੱਲੋਂ ਆਪਣੇ ਹਮਾਇਤੀਆਂ ਨਾਲ ਕਾਲਜ ਵਿਚ ਪ੍ਰਚਾਰ ਕੀਤਾ ਗਿਆ।

ਡੀਏਵੀ ਕਾਲਜ ਵਿੱਚ ਬਾਊਂਸਰ ਤਾਇਨਾਤ

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਲਈ ਵਿਦਿਆਰਥੀ ਆਗੂਆਂ ਨੇ ਪ੍ਰਚਾਰ ਮੁਹਿੰਮ ਭਖਾ ਦਿੱਤੀ ਹੈ ਜਦਕਿ ਕਾਲਜ ਪ੍ਰਬੰਧਕਾਂ ਨੇ ਵੀ ਮਾਹੌਲ ਸ਼ਾਂਤ ਰੱਖਣ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਡੀਏਵੀ ਕਾਲਜ ਨੇ ਆਪਣੇ ਅਹਾਤੇ ਵਿਚ ਬਾਊਂਸਰ ਤਾਇਨਾਤ ਕਰ ਦਿੱਤੇ ਹਨ। ਦੂਜੇ ਪਾਸੇ ਪੁਲੀਸ ਨੇ ਵੀ ਕਾਲਜਾਂ ਦੇ ਬਾਹਰ ਆਪਣੀ ਨਫਰੀ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਡੀਏਵੀ ਕਾਲਜ ਸੈਕਟਰ-10 ਤੇ ਜੀਜੀਡੀ ਐੱਸਡੀ ਕਾਲਜ ਸੈਕਟਰ-32 ਅਕਸਰ ਵਿਦਿਆਰਥੀ ਚੋਣਾਂ ਕਾਰਨ ਸੁਰਖ਼ੀਆਂ ਵਿਚ ਰਹਿੰਦੇ ਹਨ। ਜੇ ਪਿਛਲੇ ਸਾਲਾਂ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵਧ ਤਕਰਾਰ ਤੇ ਝਗੜੇ ਇਨ੍ਹਾਂ ਕਾਲਜਾਂ ਵਿਚ ਹੀ ਹੁੰਦੇ ਰਹੇ ਹਨ ਜਿਸ ਕਾਰਨ ਡੀਏਵੀ ਕਾਲਜ ਨੇ ਦੋ ਬਾਊਂਸਰ ਤਾਇਨਾਤ ਕਰ ਦਿੱਤੇ ਹਨ। ਇਸ ਕਾਲਜ ਦੀ ਡੀਨ ਸਟੂਡੈਂਟਸ ਵੈਲਫੇਅਰ ਪੂਰਨਿਮਾ ਨੇ ਦੱਸਿਆ ਕਿ ਹਾਲ ਦੀ ਘੜੀ ਦੋ ਬਾਊਂਸਰ ਲਾਏ ਹਨ ਪਰ ਚੋਣਾਂ ਵਾਲੇ ਦਿਨ ਪੰਜ ਬਾਊਂਸਰਾਂ ਨੂੰ ਸੱਦਿਆ ਗਿਆ ਹੈ। ਇਸ ਤੋਂ ਇਲਾਵਾ ਕਾਲਜ ਫਿਜ਼ੀਕਲ ਵਿਭਾਗ ਦੇ ਲੈਕਚਰਾਰਾਂ ਨੇ ਵੀ ਮੋਰਚਾ ਸੰੰਭਾਲ ਲਿਆ ਹੈ। ਇਸ ਕਾਲਜ ਵਿਚ ਨੌਜਵਾਨ ਅਧਿਆਪਕ ਦੀ ਟੀਮ ਪੂਰੇ ਕਾਲਜ ਵਿਚ ਮਾਹੌਲ ਉੱਤੇ ਨਜ਼ਰ ਰੱਖ ਰਹੀ ਹੈ। ਇਸ ਕਾਲਜ ਵਿਚ ਅੱਜ ਆਈ ਕਾਰਡ ਰਾਹੀਂ ਹੀ ਦਾਖ਼ਲੇ ਹੋਏ ਤੇ ਬਾਹਰੀ ਵਿਦਿਆਰਥੀਆਂ ਨੂੰ ਕਾਲਜ ਤੋਂ ਬਾਹਰ ਮੋੜਿਆ ਗਿਆ। ਕਾਲਜ ਨੇ ਅੱਜ ਮੁੜ ਐਡਵਾਈਜ਼ਰੀ ਜਾਰੀ ਕੀਤੀ ਹੈ।

Advertisement
Tags :
Author Image

Advertisement
Advertisement
×