ਹਰਿਆਣਾ ’ਚ ਸੰਸਦੀ ਚੋਣਾਂ ਲਈ ਪ੍ਰਚਾਰ ਬੰਦ
ਆਤਿਸ਼ ਗੁਪਤਾ
ਚੰਡੀਗੜ੍ਹ, 23 ਮਈ
ਹਰਿਆਣਾ ਵਿੱਚ ਛੇਵੇਂ ਗੇੜ ’ਚ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਅੱਜ ਸ਼ਾਮ ਪੰਜ ਵਜੇ ਸੂਬੇ ਦੀਆਂ 10 ਲੋਕ ਸਭਾ ਸੀਟਾਂ ਅਤੇ ਕਰਨਾਲ ਜ਼ਿਮਨੀ ਚੋਣ ਲਈ ਪ੍ਰਚਾਰ ਬੰਦ ਹੋ ਗਿਆ ਹੈ। ਹਰਿਆਣਾ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ, ਜਿੱਥੇ ਦੋ ਕਰੋੜ ਤੋਂ ਵੱਧ ਵੋਟਰ 10 ਲੋਕ ਸਭਾ ਹਲਕਿਆਂ ਵਿੱਚ 223 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਅੱਜ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਹਲਕਾ ਭਿਵਾਨੀ-ਮਹਿੰਦਰਗੜ੍ਹ ਦੇ ਪਿੰਡ ਪਾਲੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਲਵਲ ਵਿੱਚ ਕ੍ਰਿਸ਼ਨ ਪਾਲ ਗੁੱਜਰ ਲਈ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਣੀਪਤ ਦੇ ਅਸੰਧ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਮ ਸਮੇਂ ਫਤਿਆਬਾਦ ਵਿੱਚ ਰੋਡ ਸ਼ੋਅ ਕੀਤਾ। ਦੂਜੇ ਪਾਸੇ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਨੇ ਹਰਿਆਣਾ ਦੇ ਸਿਰਸਾ ਵਿੱਚ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਲਈ ਚੋਣ ਪ੍ਰਚਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ’ਤੇ 223 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 16 ਮਹਿਲਾ ਅਤੇ 207 ਮਰਦ ਉਮੀਦਵਾਰ ਹਨ। ਕਰਨਾਲ ਵਿਧਾਨ ਸਭਾ ਸੀਟ ਲਈ ਕੁੱਲ ਨੌਂ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 20,031 ਚੋਣ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚ 5470 ਚੋਣ ਕੇਂਦਰ ਸ਼ਹਿਰੀ ਇਲਾਕੇ ਵਿੱਚ ਹਨ ਅਤੇ ਦਿਹਾਤੀ ਖੇਤਰ ਵਿੱਚ 14,342 ਚੋਣ ਕੇਂਦਰ ਬਣਾਏ ਗਏ ਹਨ।