For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਲਈ ਪ੍ਰਚਾਰ ਬੰਦ; ਪੁਲੀਸ ਨੇ ਚੌਕਸੀ ਵਧਾਈ

07:05 AM May 31, 2024 IST
ਲੋਕ ਸਭਾ ਚੋਣਾਂ ਲਈ ਪ੍ਰਚਾਰ ਬੰਦ  ਪੁਲੀਸ ਨੇ ਚੌਕਸੀ ਵਧਾਈ
ਖਨੌਰੀ ਵਿੱਚ ਵਿਸ਼ੇਸ਼ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕਰਦੀ ਹੋਈ ਪੁਲੀਸ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਮਈ
ਪਹਿਲੀ ਜੂਨ ਨੂੰ ਲੋਕ ਸਭਾ ਲਈ ਪੈਣ ਵਾਲੀਆਂ ਵੋਟਾਂ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਹਲਕੇ ’ਚ ਰੋਡ ਸ਼ੋਅ ਕਰ ਕੇ ਵੋਟਰਾਂ ਨੂੰ ਭਰਮਾਉਣ ਲਈ ਆਖ਼ਰੀ ਹੰਭਲਾ ਮਾਰਿਆ। ਅਗਲੇ ਦੋ ਦਿਨ ਹੁਣ ਉਮੀਦਵਾਰਾਂ ਵਲੋਂ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ ਜਾਵੇਗੀ ਅਤੇ ਅੰਦਰਖਾਤੇ ਵੋਟਾਂ ਲਈ ਜੋੜ-ਤੋੜ ਲਈ ਜੁਗਾੜ ਲਗਾਏ ਜਾਣਗੇ। ਸੰਗਰੂਰ ਲੋਕ ਸਭਾ ਹਲਕੇ ’ਚ 15 ਲੱਖ 56 ਹਜ਼ਾਰ 601 ਵੋਟਰ ਹਨ ਜੋ ਕਿ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਕੁੱਲ 23 ਉਮੀਦਵਾਰਾਂ ਦੇ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸ਼ਨ ਵਲੋਂ ਸਖਤੀ ਵਰਤੀ ਜਾ ਰਹੀ ਹੈ। ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਵੱਖ-ਵੱਖ ਥਾਈਂ ਪੁਲੀਸ ਨਾਕਿਆਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੋਟ ਲਈ ਧਨ ਦੇਣ ਜਾਂ ਡਰਾਉਣ ਦੀ ਇਜ਼ਾਜਤ ਨਹੀਂ ਨਹੀਂ ਦਿੱਤੀ ਜਾਵੇ। ਨਕਦੀ, ਸ਼ਰਾਬ ਜਾਂ ਹੋਰ ਕੋਈ ਚੀਜ਼ ਆਦਿ ਵੰਡ ਕੇ ਵੋਟਰਾਂ ਨੂੰ ਲੁਭਾਉਣ ਵਾਲਿਆਂ ’ਤੇ ਤਿਰਛੀ ਨਜ਼ਰ ਰਹੇਗੀ। ਪ੍ਰਚਾਰ ਖਤਮ ਹੋਣ ਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਹਲਕੇ ਅਧੀਨ ਪੈਂਦੀਆਂ ਸਾਰੀਆਂ ਸਬ ਡਵੀਜ਼ਨਾਂ, ਸੰਗਰੂਰ, ਧੂਰੀ, ਭਵਾਨੀਗੜ੍ਹ, ਦਿੜਬਾ, ਲਹਿਰਾ, ਮੂਨਕ ਅਤੇ ਸੁਨਾਮ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਧਾਰਾ 144 ਅਧੀਨ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਬਾਹਰੋਂ ਆਏ ਬਾਹਰਲੇ ਵਿਅਕਤੀਆਂ, ਰਿਸ਼ਤੇਦਾਰਾਂ ਅਤੇ ਸਮਰਥਕਾਂ ਨੂੰ ਛੇ ਵਜੇ ਤੋਂ ਬਾਅਦ ਹਲਕਾ ਛੱਡ ਜਾਣ ਦੀ ਹਦਾਇਤ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿਤ ਸਾਰੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਥਾਣਿਆਂ ਅਧੀਨ ਪੈਂਦੇ ਕਮਿਊਨਟੀ ਹਾਲ, ਹੋਟਲ,ਲਾਜ, ਰੈਸਟੋਰੈਂਟਾਂ ਅਤੇ ਕਿਸੇ ਵੀ ਠਹਿਰਣ ਵਾਲੇ ਸਥਾਨਾਂ ਆਦਿ ਦੀ ਚੈਕਿੰਗ ਕਰਨ ਅਤੇ ਬਾਹਰਲੇ ਵਿਅਕਤੀਆਂ ਜੋ ਕਿ ਹਲਕੇ ਦੇ ਵੋਟਰ ਨਹੀਂ ਹਨ ਦੀ ਸਨਾਖ਼ਤ ਕਰਕੇ ਉਨ੍ਹਾਂ ਦੀਆਂ ਸੂਚੀਆਂ ਬਣਾਉਣ।
ਉਧਰ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜ਼ੋਰਵਾਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਚੋਣਾਂ ਦੇ ਸਮੁੱਚੇ ਪ੍ਰਬੰਧਾਂ ਬਾਰੇ ਅਹਿਮ ਮੀਟਿੰਗ ਕੀਤੀ ਗਈ। ਅੰਤਰਰਾਜੀ ਨਾਕਿਆਂ ’ਤੇ ਪੁਲੀਸ ਵਲੋਂ ਸਖਤ ਚੌਕਸੀ ਵਰਤੀ ਜਾ ਰਹੀ ਹੈ। ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸਤੋਂ ਇਲਾਵਾ ਪਹਿਲੀ ਜੂਨ ਨੂੰ ਜ਼ਿਲ੍ਹਾ ਸੰਗਰੂਰ ’ਚ ਪੇਡ ਹੋਲੀਡੇਅ ਦਾ ਐਲਾਨ ਕੀਤਾ ਗਿਆ ਹੈ।

Advertisement

ਅੱਜ ਡੋਰ ਟੂ ਡੋਰ ਮੁਹਿੰਮ ’ਤੇ ਰਹੇਗਾ ਜ਼ੋਰ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਲੋਕ ਸਭਾ ਚੋਣ ਪ੍ਰਚਾਰ ਦਾ ਰੌਲਾ ਵੀਰਵਾਰ ਸ਼ਾਮ 6 ਵਜੇ ਬੰਦ ਹੋ ਗਿਆ। ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ। ਉਮੀਦਵਾਰਾਂ ਨੇ ਆਖ਼ਰੀ ਦਿਨ ਚੋਣ ਪ੍ਰਚਾਰ ਲਈ ਜ਼ੋਰ ਲਾ ਦਿੱਤਾ। ਹੁਣ ਉਮੀਦਵਾਰ, ਉਨ੍ਹਾਂ ਦੇ ਸਮਰਥਕ ਅਤੇ ਪਾਰਟੀ ਕਾਰਕੁਨ ਘਰ -ਘਰ ਪ੍ਰਚਾਰ ਕਰਨਗੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਬੈਠਕਾਂ ਕਰ ਕੇ ਚੁਣਾਵੀ ਰਣ ਫ਼ਤਹਿ ਕਰਨ ਲਈ ਹਰ ਸੰਭਵ ਉਪਰਾਲੇ ਕਰਨਗੇ। ਪਾਰਟੀਆਂ ਅਤੇ ਉਮੀਦਵਾਰਾਂ ਨੇ ਵੋਟਾਂ ਵਾਲੇ ਦਿਨ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।

ਪਟਿਆਲਾ: ਚੋਣ ਅਮਲ ਨੇਪਰੇ ਚਾੜ੍ਹਨ ਲਈ 10 ਹਜ਼ਾਰ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ਼

ਪਟਿਆਲਾ (ਸਰਬਜੀਤ ਸਿੰਘ ਭੰਗੂ): ਪਟਿਆਲਾ ਵਿੱਚ ਚੋਣ ਅਮਲੇ ਨੂੰ ਨੇਪਰੇ ਚਾੜ੍ਹਨ ਲਈ 10 ਹਜ਼ਾਰ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਅਮਲੇ ਦੀਆਂ ਤਿੰਨ ਰਿਹਰਸਲਾਂ ਸਮੇਤ ਵਿਸ਼ੇਸ਼ ਟ੍ਰੇਨਿੰਗ ਵੀ ਕਰਵਾਈ ਗਈ ਹੈ। ਪਟਿਆਲਾ ਦੇ ਸਪੈਸ਼ਲ ਪੁਲੀਸ ਆਬਜ਼ਰਵਰ ਦੀਪਕ ਮਿਸ਼ਰਾ ਤੇ ਸਪੈਸ਼ਲ ਖਰਚਾ ਆਬਜ਼ਰਵਰ ਬੀ.ਆਰ ਬਾਲਾਕ੍ਰਿਸ਼ਨਨ ਨੇ ਚੋਣਾਂ ਲਈ ਤਾਇਨਾਤ ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ, ਪੁਲੀਸ ਆਬਜ਼ਰਵਰ ਆਮਿਦ ਜਾਵੇਦ, ਖ਼ਰਚਾ ਆਬਜ਼ਰਵਰ ਮੀਤੂ ਅਗਰਵਾਲ, ਪਟਿਆਲਾ ਜ਼ਿਲ੍ਹੇ ਦੇ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐੱਸਐੱਸਪੀ. ਵਰੁਣ ਸ਼ਰਮਾ ਨਾਲ ਮੀਟਿੰਗ ਕਰ ਕੇ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸਮੁੱਚੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਆਬਕਾਰੀ ਤੇ ਕਰ ਵਿਭਾਗ ਅਤੇ ਜੀਐੱਸਟੀ ਵਿੰਗ ਨੂੰ ਹਦਾਇਤ ਕੀਤੀ ਕਿ ਵੋਟਾਂ ਦੇ ਆਖਰੀ 72 ਘੰਟਿਆਂ ਵਿੱਚ ਸ਼ਰਾਬ ਅਤੇ ਪੈਸੇ ਦੇ ਲੈਣ ਦੇਣ ’ਤੇ ਨਜ਼ਰ ਰੱਖੀ ਜਾਵੇ। ਪੁਲੀਸ ਵਿਭਾਗ ਨੂੰ ਹਦਾਇਤ ਹੋਈ ਕਿ ਭੈਅ ਮੁਕਤ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੁਲੀਸ ਵਿਭਾਗ ਪੂਰੀ ਮੁਸਤੈਦੀ ਨਾਲ ਚੋਣ ਅਮਲ ਨੂੰ ਨੇਪਰੇ ਚੜ੍ਹਾਉਣਾ ਯਕੀਨੀ ਬਣਾਏ।

Advertisement
Author Image

joginder kumar

View all posts

Advertisement
Advertisement
×