ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਬੰਦ
* ਆਖਰੀ ਦਿਨ ਸਿਆਸੀ ਪਾਰਟੀਆਂ ਨੇ ਲਾਈ ਪੂਰੀ ਵਾਹ
* 5 ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ):
ਦਿੱਲੀ ਵਿਧਾਨ ਸਭਾ ਦੀਆਂ 5 ਫਰਵਰੀ ਹੋ ਰਹੀਆਂ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ 5 ਵਜੇ ਬੰਦ ਹੋ ਗਿਆ ਹੈ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਪੂਰੀ ਵਾਹ ਲਾ ਦਿੱਤੀ। ਭਾਜਪਾ ਨੇ 25 ਸਾਲਾਂ ਤੋਂ ਵੱਧ ਸਮੇਂ ਮਗਰੋਂ ਕੌਮੀ ਰਾਜਧਾਨੀ ਵਿੱਚ ਸੱਤਾ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਤਹਿਤ ਅੱਜ ਦਿੱਲੀ ਭਰ ’ਚ 22 ਰੋਡ ਸ਼ੋਅ ਅਤੇ ਰੈਲੀਆਂ ਕੀਤੀਆਂ। ਦੂਜੇ ਪਾਸੇ ਸੱਤਾਧਾਰੀ ‘ਆਪ’ ਆਪਣੇ ਮੁਫ਼ਤ ਭਲਾਈ ਸਕੀਮਾਂ ਦੇ ਮਾਡਲ ’ਤੇ ਭਰੋਸਾ ਕਰਦਿਆਂ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ। ਇਸੇ ਤਰ੍ਹਾਂ 2013 ਤੱਕ 15 ਸਾਲ ਕੌਮੀ ਰਾਜਧਾਨੀ ਵਿੱਚ ਸੱਤਾ ’ਚ ਰਹੀ ਕਾਂਗਰਸ ਪਿਛਲੀਆਂ ਦੋ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਇਸ ਵਾਰ ਉਹ ਜ਼ਮੀਨੀ ਪੱਧਰ ’ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਅੰਕੜਿਆਂ ਅਨੁਸਾਰ 13,766 ਪੋਲਿੰਗ ਸਟੇਸ਼ਨਾਂ ’ਤੇ 1.56 ਕਰੋੜ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਦੇ ਯੋਗ ਹਨ। ਇਨ੍ਹਾਂ ’ਚੋਂ 83.76 ਲੱਖ ਪੁਰਸ਼ ਅਤੇ 72.36 ਲੱਖ ਔਰਤਾਂ ਹਨ। ਸੁਚਾਰੂ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਦਿਵਿਆਂਗ ਵਿਅਕਤੀਆਂ ਲਈ 733 ਪੋਲਿੰਗ ਸਟੇਸ਼ਨ ਨਿਰਧਾਰਤ ਕੀਤੇ ਗਏ ਹਨ। ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਾਂ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਤਹਿਤ 7,553 ਯੋਗ ਵੋਟਰਾਂ ’ਚੋਂ 6,980 ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ। ਇਹ ਸੇਵਾ 24 ਜਨਵਰੀ ਤੋਂ ਸ਼ੁਰੂ ਹੋਈ ਸੀ ਅਤੇ 4 ਫਰਵਰੀ ਤੱਕ ਜਾਰੀ ਰਹੇਗੀ।