ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਨਿਗਮ ਅਤੇ ਕੌਂਸਲ ਚੋਣਾਂ ਲਈ ਪ੍ਰਚਾਰ ਖ਼ਤਮ

06:21 AM Dec 20, 2024 IST
ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ’ਚ ਨਿਗਮ ਚੋਣਾਂ ਲਈ ਰੋਡ ਸ਼ੋਅ ਕਰਦੇ ਹੋਏ। -ਫੋਟੋ: ਰਾਜੇਸ਼ ਸੱਚਰ

ਚਰਨਜੀਤ ਭੁੱਲਰ
ਚੰਡੀਗੜ੍ਹ, 19 ਦਸੰਬਰ
ਪੰਜਾਬ ਵਿੱਚ ਨਗਰ ਨਿਗਮਾਂ ਅਤੇ ਕੌਂਸਲਾਂ/ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਸਮਾਪਤ ਹੋ ਗਿਆ ਹੈ। ਪੰਜ ਦਿਨ ਚੱਲੇ ਇਸ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਝੋਕੀ। ਨਿਗਮ ਚੋਣਾਂ ਲਈ 21 ਦਸੰਬਰ ਨੂੰ ਵੋਟਾਂ ਸਵੇਰ 7 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਵੇਗੀ। ‘ਆਪ’ ਸਰਕਾਰ ਆਪਣੇ ਕਾਰਜਕਾਲ ਦੌਰਾਨ ਪਹਿਲੀ ਦਫ਼ਾ ਸਥਾਨਕ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਉੱਤਰੀ ਹੈ, ਜਿਸ ‘ਆਪ’ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਹਨ ਕਿਉਂਕਿ ਇਨ੍ਹਾਂ ਦੇ ਨਤੀਜਿਆਂ ਦਾ ਸਿੱਧਾ ਪ੍ਰਭਾਵ ਦਿੱਲੀ ਚੋਣਾਂ ’ਤੇ ਵੀ ਪੈਣ ਦੀ ਸੰੰਭਾਵਨਾ ਹੈ।
ਪੰਜਾਬ ਰਾਜ ਚੋਣ ਕਮਿਸ਼ਨ ਨੇ 8 ਦਸੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਤੇ 14 ਦਸੰਬਰ ਨੂੰ ਨਾਮਜ਼ਦਗੀਆਂ ਦੀਆਂ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਸੀ। ਜ਼ਿਮਨੀ ਚੋਣਾਂ ’ਚੋਂ ਗ਼ੈਰਹਾਜ਼ਰ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਲੜ ਰਿਹਾ ਹੈ। ਭਾਜਪਾ ਲਈ ਵੀ ਇਹ ਚੋਣਾਂ ਵੱਕਾਰੀ ਹਨ ਕਿਉਂਕਿ ਜ਼ਿਮਨੀ ਚੋਣਾਂ ’ਚ ਭਾਜਪਾ ਦੇ ਚਾਰ ’ਚੋਂ ਤਿੰਨ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਭਗਵਾਂ ਪਾਰਟੀ ਇਨ੍ਹਾਂ ਚੋਣਾਂ ’ਚ ਪਹਿਲੀ ਵਾਰ ਅਕਾਲੀ ਦਲ ਦੇ ਸਾਥ ਬਿਨਾਂ ਤੋਂ ਉੱਤਰੀ ਹੈ। ਸਿਆਸੀ ਧਿਰਾਂ ਨੇ ਸਭ ਤੋਂ ਵੱਧ ਸਿਆਸੀ ਤਾਣ ਨਗਰ ਨਿਗਮ ਅੰਮ੍ਰਿਤਸਰ, ਜਲੰਧਰ ਨਿਗਮ, ਲੁਧਿਆਣਾ ਨਿਗਮ, ਫਗਵਾੜਾ ਅਤੇ ਪਟਿਆਲਾ ਨਿਗਮ ਦੀ ਚੋਣ ’ਤੇ ਲਾਇਆ ਹੈ। ਇਸ ਤੋਂ ਇਲਾਵਾ 41 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਅਤੇ ਪਟਿਆਲਾ ਵਿੱਚ ਰੋਡ ਸ਼ੋਅ ਕੱਢ ਕੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਆਖ਼ਰੀ ਵਾਹ ਲਾਈ। ਬੁੱਧਵਾਰ ਨੂੰ ਉਨ੍ਹਾਂ ਨੇ ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੀਤੇ ਸਨ। ‘ਆਪ’ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਹਨ ਕਿਉਂਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਦੀ ਇਹ ਪਹਿਲੀ ਚੋਣ ਪ੍ਰੀਖਿਆ ਹੈ। ਨਿਗਮ ਚੋਣਾਂ ਲਈ ਪ੍ਰਚਾਰ ’ਚੋਂ ‘ਆਪ’ ਦੀ ਹਾਈਕਮਾਨ ਗ਼ਾਇਬ ਰਹੀ ਹੈ ਕਿਉਂਕਿ ਦਿੱਲੀ ਵਿੱਚ ਚੋਣਾਂ ਦੀ ਤਿਆਰੀ ਚੱਲ ਰਹੀ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਆਪਣੇ ਸੰਸਦੀ ਹਲਕੇ ਲੁਧਿਆਣਾ ਨਿਗਮ ਦੀ ਚੋਣ ਅਹਿਮ ਹੈ ਜਿੱਥੇ ਅੱਜ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਪ੍ਰਚਾਰ ਕੀਤਾ। ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਕਾਂਗਰਸ ਲਈ ਇਨ੍ਹਾਂ ਚੋਣਾਂ ’ਚ ਹੀ ਮੁੜ ਉੱਭਰਨ ਦਾ ਮੌਕਾ ਹੈ। ਪਟਿਆਲਾ ਨਿਗਮ ਦੀ ਚੋਣ ਨੂੰ ਲੈ ਕੇ ਭਾਜਪਾ ਨਿਸ਼ਾਨੇ ’ਤੇ ਰਹੀ ਜਿੱਥੇ ਅਮਰਿੰਦਰ ਪਰਿਵਾਰ ਦਾ ਵੱਕਾਰ ਦਾਅ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਇਨ੍ਹਾਂ ਚੋਣਾਂ ’ਚੋਂ ਵੀ ਗ਼ੈਰਹਾਜ਼ਰ ਰਹੇ ਹਨ ਅਤੇ ਪਾਰਟੀ ਦੇ ਸੂਬਾਈ ਆਗੂਆਂ ਨੇ ਹੀ ਇਨ੍ਹਾਂ ਚੋਣਾਂ ਵਿੱਚ ਪ੍ਰਚਾਰ ਕੀਤਾ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਅਨੁਸਾਰ 21 ਦਸੰਬਰ ਨੂੰ ਚੋਣਾਂ ਵਾਲੇ ਨਗਰ ਨਿਗਮਾਂ ਦੇ ਅਧਿਕਾਰ ਖੇਤਰਾਂ ’ਚ ਪੈਂਦੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ’ਚ ਜਨਤਕ ਛੁੱਟੀ ਐਲਾਨੀ ਜਾਵੇਗੀ। ਇਨ੍ਹਾਂ ਨਗਰ ਨਿਗਮਾਂ ਦੇ ਵੋਟਰ ਜੋ ਕਿਸੇ ਹੋਰ ਥਾਂ ’ਤੇ ਨੌਕਰੀ ਕਰਦੇ ਹਨ, ਨੂੰ ਨਿਯਮਾਂ ਅਨੁਸਾਰ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਪੋਲਿੰਗ ਸਟੇਸ਼ਨ ਵਜੋਂ ਵਰਤੇ ਜਾਣ ਵਾਲੇ ਸਕੂਲਾਂ ਵਿੱਚ ਉਸ ਦਿਨ ਛੁੱਟੀ ਐਲਾਨੀ ਜਾਵੇਗੀ। ਇਸੇ ਤਰ੍ਹਾਂ 21 ਦਸੰਬਰ ਨੂੰ ਨਗਰ ਨਿਗਮ ਅਧਿਕਾਰ ਦੇ ਚੋਣਾਂ ਵਾਲੇ ਖੇਤਰ ਨੂੰ ‘ਕਲੋਜ਼ ਡੇਅ’ ਅਤੇ ਇਨ੍ਹਾਂ ਚੋਣਾਂ ਵਾਲੇ ਮਾਲੀਆ ਅਧਿਕਾਰ ਖੇਤਰ ਵਿੱਚ ‘ਡਰਾਈ ਡੇਅ’ ਐਲਾਨਿਆ ਗਿਆ ਹੈ। ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਉਹ ਸਾਰੀਆਂ ਸਾਲਾਨਾ ਅਤੇ ਸਮੈਸਟਰ ਪ੍ਰੀਖਿਆਵਾਂ ਜੋ 21 ਦਸੰਬਰ ਨੂੰ ਹੋਣੀਆਂ ਸਨ, ਨੂੰ ਕਿਸੇ ਹੋਰ ਮਿਤੀ ਤੱਕ ਮੁਲਤਵੀ ਕਰ ਦਿੱਤਾ ਹੈ। ਵਿਦਿਆਰਥੀ ਨਵੀਆਂ ਤਰੀਕਾਂ ਦੇ ਵੇਰਵਿਆਂ ਲਈ ਸਬੰਧਤ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਦੇਖ ਸਕਦੇ ਹਨ।

Advertisement

ਬਠਿੰਡਾ ਦੀ ਜ਼ਿਮਨੀ ਚੋਣ ਦਿਲਚਸਪ ਬਣੀ

ਬਠਿੰਡਾ ਨਿਗਮ ਦੇ ਵਾਰਡ ਨੰਬਰ 48 ਦੀ ਚੋਣ ਸਭ ਤੋਂ ਦਿਲਚਸਪ ਬਣ ਗਈ ਹੈ ਜਿੱਥੇ ਰਾਤੋ-ਰਾਤ ‘ਆਪ’ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਲੜਕੇ ਪਦਮਜੀਤ ਸਿੰਘ ਮਹਿਤਾ ਨੂੰ ਉਮੀਦਵਾਰ ਵਜੋਂ ਉਤਾਰ ਦਿੱਤਾ। ‘ਆਪ’ ਨੇ ਬਲਵਿੰਦਰ ਸਿੰਘ ਬਿੰਦਰ ਤੋਂ ਟਿਕਟ ਵਾਪਸ ਲੈ ਲਈ ਜੋ ਹੁਣ ਆਜ਼ਾਦ ਉਮੀਦਵਾਰ ਵਜੋਂ ਡਟ ਗਿਆ ਹੈ। ਸੂਤਰ ਦੱਸਦੇ ਹਨ ਕਿ ‘ਆਪ’ ਦੇ ਦਿੱਲੀ ਵਿਚਲੇ ਇੱਕ ਨੇਤਾ ਨੇ ਮਹਿਤਾ ਨੂੰ ਉਮੀਦਵਾਰ ਬਣਾਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਜਿਸ ਦੇ ਜੱਦੀ ਵਾਰਡ ਵਿੱਚ ਚੋਣ ਹੋ ਰਹੀ ਹੈ, ਨੇ ਇਸ ਚੋਣ ਨਾਲੋਂ ਦੂਰੀ ਬਣਾ ਲਈ ਹੈ।

ਚੋਣਾਂ ’ਚ 37,32,636 ਲੋਕ ਕਰਨਗੇ ਵੋਟ ਦੇ ਹੱਕ ਦੀ ਵਰਤੋਂ

ਨਿਗਮ ਤੇ ਕੌਂਸਲ ਚੋਣਾਂ ’ਚ ਵੋਟਿੰਗ ਲਈ ਈਵੀਐੱਮਜ਼ ਦੀ ਵਰਤੋਂ ਕੀਤੀ ਜਾਣੀ ਹੈ। ਨਿਗਮ ਤੇ ਕੌਂਸਲ ਚੋਣਾਂ ਵਿੱਚ ਕੁੱਲ 37,32,636 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰ ਸਕਣਗੇ ਜਿਨ੍ਹਾਂ ਵਿੱਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਸ਼ਾਮਲ ਹਨ। ਨਗਰ ਨਿਗਮਾਂ ਦੇ 381 ਵਾਰਡਾਂ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ 598 ਵਾਰਡਾਂ ਲਈ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨਰ ਵੱਲੋਂ ਇਨ੍ਹਾਂ ਚੋਣਾਂ ’ਚ 23 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਜਾਣਗੇ। ਵੋਟਾਂ ਲਈ ਕੁੱਲ 1,609 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 3,809 ਪੋਲਿੰਗ ਬੂਥ ਸ਼ਾਮਲ ਹਨ।

Advertisement

ਕੁੱਲ 3,336 ਉਮੀਦਵਾਰ ਮੈਦਾਨ ਵਿੱਚ

ਨਿਗਮ ਤੇ ਕੌਂਸਲ ਚੋਣਾਂ ਲਈ 3,336 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਚੋਣਾਂ ਲਈ ਕੁੱਲ 4947 ਨਾਮਜ਼ਦਗੀਆਂ ਹੋਈਆਂ ਸਨ ਜਿਨ੍ਹਾਂ ’ਚੋਂ 439 ਰੱਦ ਹੋ ਗਈਆਂ ਤੇ 1172 ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ ਸਨ। ਅੰਮ੍ਰਿਤਸਰ ਨਿਗਮ ਦੇ 85 ਵਾਰਡਾਂ ਲਈ 476 ਉਮੀਦਵਾਰ, ਜਲੰਧਰ ਨਿਗਮ ਦੇ 85 ਵਾਰਡਾਂ ਲਈ 380 ਉਮੀਦਵਾਰ, ਫਗਵਾੜਾ ਨਿਗਮ ਦੇ 50 ਵਾਰਡਾਂ ਲਈ 173 ਉਮੀਦਵਾਰ, ਲੁਧਿਆਣਾ ਨਿਗਮ ਦੇ 95 ਵਾਰਡਾਂ ਲਈ 447 ਉਮੀਦਵਾਰ ਅਤੇ ਪਟਿਆਲਾ ਨਿਗਮ ਦੇ 60 ਵਾਰਡਾਂ ਲਈ 147 ਉਮੀਦਵਾਰ ਮੈਦਾਨ ’ਚ ਹਨ।

Advertisement