ਫ਼ਰਜ਼ੀ ਜਾਤੀ ਸਰਟੀਫਿਕੇਟਾਂ ਦਾ ਲਾਭ ਲੈਣ ਵਾਲਿਆਂ ਖ਼ਿਲਾਫ਼ ਮੁਹਿੰਮ ਤੇਜ਼
ਪੱਤਰ ਪ੍ਰੇਰਕ
ਮੁੱਲਾਂਪੁਰ-ਦਾਖਾ, 24 ਜੁਲਾਈ
ਸੂਬੇ ਵਿੱਚ ਗੈਰ ਅਨੁਸੂਚਿਤ ਜਾਤੀ ਲੋਕਾਂ ਵੱਲੋਂ ਫ਼ਰਜ਼ੀ ਸਰਟੀਫਿਕੇਟਾਂ ਸਹਾਰੇ ਨੌਕਰੀਆਂ, ਤਰੱਕੀਆਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਦਾਖ਼ਲੇ ਲੈਣ ਵਾਲੇ ਰਸੂਖ਼ਦਾਰ ਵਿਅਕਤੀਆਂ ਨੂੰ ਬੇਪਰਦ ਕਰਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਾਉਣ ਲਈ ਡਾਇਰੈਕਟਰ ਸਮਾਜ ਭਲਾਈ ਦੇ ਮੁਹਾਲੀ ਸਥਿਤ ਦਫ਼ਤਰ ਸਾਹਮਣੇ 20 ਅਪਰੈਲ ਤੋਂ ਚੱਲ ਰਹੇ ਪੱਕੇ ਮੋਰਚੇ ਦੀ ਚੜ੍ਹਦੀ ਕਲਾ ਲਈ ਪਿੰਡ ਪਮਾਲੀ ਦੇ ਗੁਰੂਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਮੋਰਚੇ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ, ਗੁਰਪ੍ਰੀਤ ਸਿੰਘ ਫ਼ਰੀਦਕੋਟ, ਯੁੱਗਵੀਰ ਸਿੰਘ ਬਠਿੰਡਾ ਅਤੇ ਰੇਸ਼ਮ ਸਿੰਘ ਮੁਹਾਲੀ, ਬਲਵੀਰ ਸਿੰਘ ਕਕਰਾਲੀ ਨੇ ਕਿਹਾ ਕਿ ਸੂਬਾ ਸਰਕਾਰ ਦਲਿਤ ਸਮਾਜ ਨੂੰ ਸੰਵਿਧਾਨ ਅਨੁਸਾਰ ਮਿਲਣ ਵਾਲੇ ਹੱਕਾਂ ਤੋਂ ਵੀ ਆਨਾਕਾਨੀ ਕਰ ਰਹੀ ਹੈ। ਮੋਰਚੇ ਦੇ ਆਗੂਆਂ ਨੇ ਪੰਜਾਬ ਭਰ ਵਿੱਚ ਮੋਰਚੇ ਦੀਆਂ ਪਿੰਡ ਪੱਧਰ’’ਤੇ ਇਕਾਈਆਂ ਸਥਾਪਤ ਕਰਨ ਦਾ ਐਲਾਨ ਕੀਤਾ ਅਤੇ ਇਸ ਦੀ ਸ਼ੁਰੂਆਤ ਪਿੰਡ ਪਮਾਲੀ ਤੋਂ ਕੀਤੀ ਗਈ। ਉਨ੍ਹਾਂ ਫ਼ਰਜ਼ੀ ਲਾਭਪਾਤਰੀਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਇਲਾਕੇ ਦੇ ਦਲਿਤ ਆਗੂਆਂ ਨੇ ਸ਼ਮੂਲੀਅਤ ਕੀਤੀ।