For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਸੰਭਾਲ ਤੇ ਮਾਂ-ਬੋਲੀ ਦੇ ਪਸਾਰ ਲਈ ਮੁਹਿੰਮ ਸ਼ੁਰੂ

07:50 AM Jun 10, 2024 IST
ਵਾਤਾਵਰਨ ਸੰਭਾਲ ਤੇ ਮਾਂ ਬੋਲੀ ਦੇ ਪਸਾਰ ਲਈ ਮੁਹਿੰਮ ਸ਼ੁਰੂ
ਨਿਰਮਲ ਕੁਟੀਆ ਜੰਡਾਲੀ ਕਲਾਂ ਵਿੱਚ ਬੁਲਾਰਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 9 ਜੂਨ
ਇੱਥੋਂ ਲਾਗਲੇ ਪਿੰਡ ਜੰਡਾਲੀ ਕਲਾਂ ਵਿੱਚ ਗੁਰਮਤਿ ਸੇਵਾ ਸੁਸਾਇਟੀ ਅਤੇ ਨਿਰਮਲ ਆਸ਼ਰਮ ਵੱਲੋਂ ਵਾਤਾਵਰਨ ਸੰਭਾਲ ਅਤੇ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਸੂਬੇ ਭਰ ਤੋਂ ਆਏ ਵਿਸ਼ਾ ਮਾਹਿਰਾਂ ਨੇ ਭਾਸ਼ਣਾਂ ਰਾਹੀਂ ਜਿੱਥੇ ਆਮ ਲੋਕਾਂ ਨੂੰ ਜਾਗਰੂਕ ਕੀਤਾ, ਉੱਥੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਹੁਦੇਦਾਰਾਂ ਨੇ ਮੁਹਿੰਮ ਨਾਲ ਜੁੜਨ ਦਾ ਅਹਿਦ ਵੀ ਕੀਤਾ।
ਸੈਮੀਨਾਰ ਦੀ ਪ੍ਰਧਾਨਗੀ ਆਸ਼ਰਮ ਦੇ ਸੰਚਾਲਕ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕੀਤੀ ਅਤੇ ਮੁਖੀ ਪੰਜਾਬੀ ਵਿਭਾਗ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਡਾ. ਸਿਕੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗਿਆਨੀ ਗਗਨਦੀਪ ਸਿੰਘ, ਵੇਦਾਂਤ ਅਚਾਰੀਆ ਸਵਾਮੀ ਗੁਰਿੰਦਰ ਸ਼ਾਸਤਰੀ, ਸੁਰੇਸ਼ ਜੈਨ, ਸੁਖਪ੍ਰੀਤ ਸਿੰਘ, ਰਜਿੰਦਰ ਸਿੰਘ ਅਗੇਤਾ, ਸਵਾਮੀ ਗੁਰਵਿੰਦਰ ਸਿੰਘ ਸ਼ਾਸਤਰੀ ਅਤੇ ਪ੍ਰਭ ਸਿਮਰਨਜੀਤ ਸਿੰਘ ਆਦਿ ਬੁਲਾਰਿਆਂ ਨੇ ਲੋਕਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਚੱਲਣ ਅਤੇ ਧਰਤੀ ਨੂੰ ਬਚਾਉਣ ਲਈ ਇਕੱਠੇ ਹੋ ਕੇ ਯਤਨ ਕਰਨ ਦਾ ਸੱਦਾ ਦਿੱਤਾ| ਬਚਪਨ ਵਿੱਚ ਮੁੱਢਲੀ ਤੇ ਬੁਨਿਆਦੀ ਸਿੱਖਿਆ ਗ੍ਰਹਿਣ ਕਰਨ ਵਿੱਚ ਮਾਂ-ਬੋਲੀ ਦੀ ਮਹੱਤਤਾ ਨੂੰ ਪਛਾਣਨ ਦੀ ਅਪੀਲ ਵੀ ਕੀਤੀ ਗਈ।
ਬੁਲਾਰਿਆਂ ਨੇ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਸਿੱਖ ਗੁਰੂ ਸਾਹਿਬਾਨ ਨੇ ਬਹੁਤ ਸਮਾਂ ਪਹਿਲਾਂ ਹੀ ਵਾਯੂਮੰਡਲ, ਜਲ ਮੰਡਲ ਅਤੇ ਥਲ ਮੰਡਲ ਗੁਰੂ, ਪਿਤਾ ਅਤੇ ਮਾਤਾ ਦੇ ਬਰਾਬਰ ਦਾ ਦਰਜਾ ਦਿੱਤਾ ਸੀ ਤਾਂ ਕਿ ਲੋਕ ਇਨ੍ਹਾਂ ਦਾ ਸਤਿਕਾਰ ਕਰਦਿਆਂ ਨੁਕਸਾਨ ਕਰਨ ਤੋਂ ਗੁਰੇਜ਼ ਕਰਨ। ਬੁਲਾਰਿਆਂ ਵੱਲੋਂ ਕੀਤੀ ਅਪੀਲ ’ਤੇ ਫੁੱਲ ਚੜ੍ਹਾਉਂਦਿਆਂ ਪ੍ਰਬੰਧਕਾਂ ਨੇ ਵਾਤਾਵਰਨ ਨੂੰ ਹੋਰ ਵਿਗੜਨ ਤੋਂ ਬਚਾਉਣ ਲਈ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਤੋਂ ਸੰਗਤ ਨੂੰ ਅਪੀਲਾਂ ਕਰਵਾਉਣ ਲਈ ਟੀਮਾਂ ਕਾਇਮ ਕੀਤੀਆਂ। ਬੁਲਾਰਿਆਂ ਅਤੇ ਸੰਗਤ ਨੂੰ ਗਿਆਨੀ ਗਗਨਦੀਪ ਸਿੰਘ ਨਿਰਮਲੇ ਵੱਲੋਂ ਰਚਿਤ ਪੁਸਤਕਾਂ ਦੇ ਸੈੱਟ ਤੋਂ ਇਲਾਵਾ ਬੂਟੇ ਵੀ ਵੰਡੇ ਗਏ।

Advertisement

Advertisement
Author Image

Advertisement
Advertisement
×