ਭਾਰਤੀ ਦੂਤਘਰ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਕੈਂਪ ਰੱਦ
ਟੋਰੰਟੋ, 7 ਨਵੰਬਰ
ਕੈਨੇਡਾ ਸਥਿਤ ਭਾਰਤੀ ਕੌਂਸੁਲੇਟ ਜਨਰਲ ਨੇ ਅੱਜ ਕਿਹਾ ਕਿ ਉਹ ਆਪਣੇ ਕੁਝ ਨਿਰਧਾਰਤ ਕੌਂਸੁਲਰ ਕੈਂਪਾਂ ਨੂੰ ਰੱਦ ਕਰ ਰਿਹਾ ਹੈ ਕਿਉਂਕਿ ਕੈਨੇਡਿਆਈ ਸੁਰੱਖਿਆ ਅਧਿਕਾਰੀਆਂ ਨੇ ਇਸ ਲਈ ਪ੍ਰਬੰਧਕਾਂ ਨੂੰ ਘੱਟੋ ਘੱਟ ਸੁਰੱਖਿਆ ਮੁਹੱਈਆ ਕਰਨ ’ਚ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਹੈ। ਇਹ ਐਲਾਨ ਬਰੈਂਪਟਨ ’ਚ ਹਿੰਦੂ ਸਭਾ ਮੰਦਰ ਤੇ ਭਾਰਤੀ ਦੂਤਾਵਾਸ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਕੌਂਸੁਲੇਟ ਸਮਾਗਮ ’ਚ ਖਾਲਿਸਤਾਨੀ ਝੰਡੇ ਲੈ ਕੇ ਪੁੱਜੇ ਮੁਜ਼ਾਹਰਾਕਾਰੀਆਂ ਵੱਲੋਂ ਅੜਿੱਕਾ ਪਾਉਣ ਦੀ ਘਟਨਾ ਤੋਂ ਕੁਝ ਦਿਨਾਂ ਬਾਅਦ ਕੀਤਾ ਗਿਆ ਹੈ। ਭਾਰਤੀ ਕੌਂਸੁਲੇਟ ਜਨਰਲ ਨੇ ‘ਐਕਸ’ ’ਤੇ ਪਾਈ ਪੋਸਟ ’ਚ ਕਿਹਾ, ‘ਸੁਰੱਖਿਆ ਏਜੰਸੀਆਂ ਵੱਲੋਂ ਕੈਂਪਾਂ ਦੇ ਪ੍ਰਬੰਧਕਾਂ ਨੂੰ ਘੱਟੋ ਘੱਟ ਸੁਰੱਖਿਆ ਮੁਹੱਈਆ ਕਰਨ ’ਚ ਅਸਮਰੱਥਾ ਜ਼ਾਹਿਰ ਕਰਨ ਦੇ ਮੱਦੇਨਜ਼ਰ ਕੌਂਸੁਲੇਟ ਨੇ ਕੁਝ ਨਿਰਧਾਰਤ ਕੌਂਸੁਲੇਟ ਪ੍ਰੋਗਰਾਮ ਕੈਂਪ ਰੱਦ ਕਰਨ ਦਾ ਫ਼ੈਸਲਾ ਲਿਆ ਹੈ।’ ਭਾਰਤ ਨੇ ਬਰੈਂਪਟਨ ਘਟਨਾ ’ਤੇ ਗੰਭੀਰ ਚਿੰਤਾ ਜਤਾਈ ਸੀ। ਇਸੇ ਦੌਰਾਨ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਮੰਦਰ ਦੇ ਪੁਜਾਰੀ ਨੂੰ ਹਾਲ ਹੀ ਵਿੱਚ ਖਾਲਿਸਤਾਨੀ ਝੰਡੇ ਫੜੀ ਪ੍ਰਦਰਸ਼ਨਕਾਰੀਆਂ ਤੇ ਉੱਥੇ ਮੌਜੂਦ ਲੋਕਾਂ ਵਿਚਾਲੇ ਝੜਪ ਦੌਰਾਨ ‘ਹਿੰਸਕ ਬਿਆਨਬਾਜ਼ੀ’ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਬਰੈਂਪਟਨ ’ਚ ਤਿੰਨ ਨਵੰਬਰ ਨੂੰ ਹਿੰਦੂ ਸਭਾ ਮੰਦਰ ’ਚ ਮੁਜ਼ਾਹਰਾ ਹੋਇਆ ਸੀ ਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਅਪੁਸ਼ਟ ਵੀਡੀਓਜ਼ ’ਚ ਪ੍ਰਦਰਸ਼ਨਾਰੀਆਂ ਨੇ ਖਾਲਿਸਤਾਨ ਹਮਾਇਤੀ ਬੈਨਰ ਫੜੇ ਹੋਏ ਸਨ। ਵੀਡੀਓ ’ਚ ਲੋਕ ਹੱਥੋਪਾਈ ਹੁੰਦੇ ਤੇ ਮੰਦਰ ਨੇੜੇ ਇੱਕ-ਦੂਜੇ ’ਤੇ ਡੰਡਿਆਂ ਨਾਲ ਵਾਰ ਕਰਕੇ ਹੋਏ ਦਿਖਾਈ ਦੇ ਰਹੇ ਹਨ। ਮੁਜ਼ਾਹਰਾਕਾਰੀਆਂ ਨੇ ਭਾਰਤੀ ਕੌਂਸੁਲੇਟ ਵੱਲੋਂ ਕਰਵਾਏ ਸਮਾਗਮ ’ਚ ਵੀ ਅੜਿੱਕਾ ਪਾਇਆ। ਕੈਨੇਡਿਆਈ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਬੀਤੇ ਦਿਨ ਹਿੰਦੂ ਸਭਾ ਮੰਦਰ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਲੰਘੇ ਐਤਵਾਰ ਪ੍ਰਦਰਸ਼ਨਕਾਰੀਆਂ ਨਾਲ ਪੁਜਾਰੀ ਦੀ ‘ਵਿਵਾਦਤ ਸ਼ਮੂਲੀਅਤ’ ਕਾਰਨ ਉਸ ਨੂੰ ਮਅੱਤਲ ਕੀਤਾ ਗਿਆ ਹੈ। ਬਰੈਂਪਟਨ ਦੇ ਮੇਅਰ ਪੈੱਟ੍ਰਿਕ ਬਰਾਊਨ ਨੇ ਕਿਹਾ ਕਿ ਪੁਜਾਰੀ ਨੇ ‘ਹਿੰਸਕ ਬਿਆਨਬਾਜ਼ੀ’ ਕੀਤੀ ਸੀ। ਬਰਾਊਨ ਨੇ ਕਿਹਾ, ‘ਜ਼ਿਆਦਾਤਾਰ ਕੈਨੇਡਿਆਈ ਸਿੱਖ ਤੇ ਹਿੰਦੂ ਸਦਭਾਵਨਾ ਨਾਲ ਰਹਿਣਾ ਚਾਹੁੰਦੇ ਹਨ ਅਤੇ ਹਿੰਸਾ ਬਰਦਾਸ਼ਤ ਨਹੀਂ ਕਰਦੇ। ਹਿੰਦੂ ਸਭਾ ਮੰਦਰ ਦੇ ਪ੍ਰਧਾਨ ਮਧੂਸੂਦਨ ਲਾਮਾ ਨੇ ਹਿੰਸਕ ਬਿਆਨਬਾਜ਼ੀ ਕਰਨ ਵਾਲੇ ਪੁਜਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਓਂਟਾਰੀਓ ਸਿੱਖ ਤੇ ਗੁਰਦੁਆਰਾ ਪਰਿਸ਼ਦ ਨੇ ਵੀ ਹਿੰਦੂ ਸਭਾ ਮੰਦਰ ’ਚ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ।’
ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਮਗਰੋਂ ਕੈਨੇਡਾ ਵੱਲੋਂ ਆਸਟਰੇਲਿਆਈ ਮੀਡੀਆ ਆਊਟਲੈੱਟ ਬਲਾਕ
ਨਵੀਂ ਦਿੱਲੀ:ਭਾਰਤ ਨੇ ਅੱਜ ਕਿਹਾ ਕਿ ਕੈਨੇਡਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਪੈਨੀ ਵੌਂਗ ਦੀ ਪ੍ਰੈੱਸ ਕਾਨਫਰੰਸ ਦੇ ਪ੍ਰਸਾਰਨ ਤੋਂ ਕੁਝ ਘੰਟਿਆਂ ਬਾਅਦ ਹੀ ਆਸਟਰੇਲਿਆਈ ਮੀਡੀਆ ਆਊਟਲੈੱਟ ਬਲਾਕ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਹੈਂਡਲ ਤੇ ਆਸਟਰੇਲੀਆ ਟੂਡੇ ਦੇ ਕੁਝ ਪੇਜ ਬਲਾਕ ਕਰਨ ਦੀ ਕਾਰਵਾਈ ਤੋਂ ਕੈਨੇਡਾ ਦੀ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਪਾਖੰਡ ਦੀ ਝਲਕ ਪੈਂਦੀ ਹੈ। ਉਨ੍ਹਾਂ ਹਫ਼ਤਾਵਾਰੀ ਪ੍ਰੈੱਫ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਅਸੀਂ ਸਮਝਦੇ ਹਾਂ ਕਿ ਵਿਸ਼ੇਸ਼ ਅਦਾਰੇ ਦੇ ਸੋਸ਼ਲ ਮੀਡੀਆ ਹੈਂਡਲ, ਪੇਜ, ਜੋ ਅਹਿਮ ਪਰਵਾਸੀ ਆਊਟਲੈਂੱਟ ਹਨ, ਬਲਾਕ ਕਰ ਦਿੱਤੇ ਗਏ ਹਨ ਅਤੇ ਕੈਨੇਡਾ ਦੇ ਲੋਕਾਂ ਲਈ ਮੁਹੱਈਆ ਨਹੀਂ ਹਨ। ਇਹ ਇਸ ਵਿਸ਼ੇਸ਼ ਹੈਂਡਲ ਨਾਲ ਪੈਨੀ ਵੌਂਗ ਨਾਲ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੀ ਪ੍ਰੈੱਸ ਕਾਰਫਰੰਸ ਦੇ ਪ੍ਰਸਾਰਨ ਤੋਂ ਕੁਝ ਘੰਟਿਆਂ ਬਾਅਦ ਅਜਿਹਾ ਹੋਇਆ।’ ਉਨ੍ਹਾਂ ਕਿਹਾ, ‘ਅਸੀਂ ਹੈਰਾਨ ਸੀ। ਇਹ ਸਾਨੂੰ ਅਜੀਬ ਲਗਦਾ ਹੈ ਪਰ ਫਿਰ ਵੀ ਮੈਂ ਜੋ ਕਹਿੰਦਾ ਹਾਂ ਕਿ ਉਹ ਇਹ ਹੈ ਕਿ ਇਹ ਅਜਿਹੇ ਕੰਮ ਹਨ ਜੋ ਇੱਕ ਵਾਰ ਫਿਰ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਕੈਨੇਡਾ ਦੇ ਪਾਖੰਡ ਨੂੰ ਉਭਾਰਦੇ ਹਨ।’ ਉਨ੍ਹਾਂ ਕਿਹਾ ਕਿ ਜੈਸ਼ੰਕਰ ਨੇ ਆਸਟਰੇਲੀਆ ’ਚ ਆਪਣੀ ਮੀਡੀਆ ਵਾਰਤਾ ’ਚ ਬਿਨਾਂ ਕੋਈ ਵਿਸ਼ੇਸ਼ ਸਬੂਤ ਸਾਂਝਾ ਕੀਤੀਆਂ ਕੈਨੇਡਾ ਵੱਲੋਂ ਭਾਰਤ ਖ਼ਿਲਾਫ਼ ਲਾਏ ਗਏ ਦੋਸ਼ਾਂ ਬਾਰੇ ਗੱਲ ਕੀਤੀ ਸੀ। -ਪੀਟੀਆਈ