ਸ਼ੰਭੂ ਬਾਰਡਰ ’ਤੇ ਅੱਜ ਮਾਹੌਲ ਸ਼ਾਂਤ
ਰਤਨ ਸਿੰਘ ਢਿੱਲੋਂ
ਅੰਬਾਲਾ, 7 ਦਸੰਬਰ
ਕਿਸਾਨਾਂ ਦੇ ਬੀਤੇ ਦਿਨੀਂ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪੁਲੀਸ ਅਤੇ ਕਿਸਾਨਾਂ ਵਿਚਕਾਰ ਕਈ ਘੰਟੇ ਸੰਘਰਸ਼ ਚਲਦਾ ਰਿਹਾ ਅਤੇ ਅਖੀਰ ਆਗੂਆਂ ਵੱਲੋਂ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਗਿਆ। ਉਸ ਤੋਂ ਬਾਅਦ ਹੁਣ ਤੱਕ ਸ਼ੰਭੂ ਬਾਰਡਰ ’ਤੇ ਸਥਿਤੀ ਸ਼ਾਂਤੀਪੂਰਵਕ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਕਿਸੇ ਨੂੰ ਵੀ ਸ਼ੰਭੂ ਬਾਰਡਰ ਵੱਲ ਜਾਣ ਦੀ ਇਜਾਜ਼ਤ ਨਹੀਂ ਹੈ।
ਕਿਸਾਨਾਂ ਵੱਲੋਂ ਭਲਕੇ ਦੂਜਾ ਜਥਾ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਦੇਖਦਿਆਂ ਅੱਜ ਬਾਰਡਰ ’ਤੇ ਪ੍ਰਸ਼ਾਸਨ ਨੇ ਵਾਟਰ ਕੈਨਨ ਦੀ ਜਾਂਚ ਕੀਤੀ।
ਹਰਿਆਣਾ ਪੁਲੀਸ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕਿਸਾਨਾਂ ਨੇ ਪੁਲੀਸ ਮੋਰਚੇ ਦੀਆਂ ਜਾਲੀਆਂ ਨੂੰ ਜ਼ੰਜੀਰਾਂ ਬੰਨ੍ਹ ਕੇ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਉੱਤੇ ਚੜ੍ਹ ਕੇ ਹੁੜਦੰਗ ਮਚਾਇਆ। ਅੱਜ ਪੁਲੀਸ ਵੱਲੋਂ ਇਨ੍ਹਾਂ ਜਾਲੀਆਂ ਦੀ ਵੈਲਡਿੰਗ ਕੀਤੀ ਗਈ ਤਾਂ ਕਿ ਕਿਸਾਨ ਅੱਗੇ ਨਾ ਪਹੁੰਚਾ ਸਕਣ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ ਅਤੇ 11 ਫਰਵਰੀ ਨੂੰ ਹਰਿਆਣਾ ਪੁਲੀਸ ਵੱਲੋਂ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਅੱਜ ਤੱਕ ਦਿੱਲੀ ਅੰਮ੍ਰਿਤਸਰ ਹਾਈਵੇਅ ਬੰਦ ਪਿਆ ਹੈ ਜਿਸ ਦੇ ਚਲਦਿਆਂ ਪੰਜਾਬ ਅਤੇ ਜੰਮੂ ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।