ਲੋਕਾਂ ਨੂੰ ਜਵਾਨੀ ਬਚਾਉਣ ਲਈ ਇਕਜੁੱਟ ਹੋਣ ਦਾ ਸੱਦਾ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਗਸਤ
ਇੱਥੇ ਨਸ਼ਿਆਂ ਖ਼ਿਲਾਫ ਚੱਲ ਰਿਹਾ ਦਿਨ-ਰਾਤ ਦੇ ਪੱਕਾ ਮੋਰਚੇ ਦੇ 21ਵੇਂ ਦਿਨ ਨੌਜਵਾਨ ਪੀੜ੍ਹੀ ਨੂੰ ਸੰਘਰਸ਼ ਲਈ ਪ੍ਰੇਰਿਆ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਜੇ ਸਾਰੀਆਂ ਧਿਰਾਂ ਨਸ਼ਿਆਂ ਵਿਰੁੱਧ ਸਿਰ ਜੋੜ ਕੇ ਡਟੀਆਂ ਰਹੀਆਂ ਤਾਂ ਪੰਜਾਬ ’ਚੋਂ ਸ਼ਰ੍ਹੇਆਮ ਵਿਕਦਾ ਨਸ਼ਾ ਖ਼ਤਮ ਹੋ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਹਕੂਮਤਾਂ ਤੋਂ ਝਾਕ ਛੱਡ ਕੇ ਆਪਣੇ ਪੁੱਤਾਂ-ਧੀਆਂ ਦੀ ਰਾਖੀ ਆਪ ਕਰਨੀ ਸ਼ੁਰੂ ਕਰਨੀ ਪਵੇਗੀ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਕੁੱਝ ਫ਼ਿਰਕੂ ਤਾਕਤਾਂ ਨਸ਼ਿਆਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਨਾਕਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀਆਂ ਹਨ, ਪਰ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਤੇ ਐਂਟੀ ਡਰੱਗਜ਼ ਟਾਸਕ ਫੋਰਸ ਵੀ ਇਸ ਸਭ ਕੁੱਝ ’ਤੇ ਨਜ਼ਰ ਰੱਖ ਰਹੀ ਹੈ।
ਅੱਜ ਦੇ ਧਰਨੇ ਅਗਵਾਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਸ਼ਮੂਲੀਅਤ ਕਰ ਕੇ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿੰਘ ਤੇ ਲਾਭ ਸਿੰਘ ਵੱਲੋਂ ਨਿਭਾਈ ਗਈ।
ਇਸ ਮੌਕੇ ਪ੍ਰਸ਼ੋਤਮ ਗਿੱਲ, ਨਿਰਮਲ ਸਿੰਘ ਝੰਡੂਕੇ, ਦਰਸ਼ਨ ਜਟਾਣਾ, ਅਮਰੀਕ ਫਫੜੇ, ਮਹਿੰਦਰ ਭੈਣੀਬਾਘਾ, ਕ੍ਰਿਸ਼ਨ ਚੌਹਾਨ, ਰਾਜਵਿੰਦਰ ਰਾਣਾ, ਧੰਨਾ ਮੱਲ ਗੋਇਲ, ਸੁਖਦਰਸ਼ਨ ਨੱਤ, ਜਸਵੀਰ ਨੱਤ, ਸਿੰਦਰਪਾਲ ਕੌਰ, ਗਗਨਦੀਪ, ਸੁਰਿੰਦਰਪਾਲ, ਅਮਨ ਪਟਵਾਰੀ, ਕੁਲਵਿੰਦਰ ਕਾਲੀ, ਬਲਜਿੰਦਰ ਸਿੰਘ, ਭਜਨ ਸਿੰਘ ਘੁੰਮਣ, ਮਨਜੀਤ ਰਾਣਾ, ਕਾਕਾ ਸਿੰਘ, ਰਜਿੰਦਰ ਸਿੰਘ, ਪਰਮਜੀਤ ਗਾਗੋਵਾਲ, ਛੋਟਾ ਸਿੰਘ, ਗੁਰਚਰਨ ਸਿੰਘ, ਗੁਰਦੇਵ ਦਲੇਲ ਸਿੰਘ ਵਾਲਾ ਅਤੇ ਦਰਸ਼ਨ ਦਾਨੇਵਾਲਾ ਨੇ ਵੀ ਸੰਬੋਧਨ ਕੀਤਾ।
ਕੈਮਿਸਟਾਂ ਵੱਲੋਂ ਮਾਨਸਾ ਨੂੰ ਨਸ਼ਾਮੁਕਤ ਕਰਨ ਦਾ ਪ੍ਰਣ
ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਬੱਚਤ ਭਵਨ ਵਿੱਚ ਸਮੂਹ ਕੈਮਿਸਟਾਂ ਅਤੇ ਮੈਡੀਕਲ ਦੁਕਾਨਦਾਰਾਂ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਗਿਆ। ਐਸਐਸਪੀ ਵੱਲੋਂ ਕੈਮਿਸਟਾਂ ਨੂੰ ਅਪੀਲ ਕੀਤੀ ਗਈ ਕਿ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਤੋਂ ਗੁਰੇਜ਼ ਕਰਨ। ਡਾ. ਨਾਨਕ ਸਿੰਘ ਨੇ ਕਿਹਾ ਕਿ ਹਰ ਖੇਤਰ ਨੂੰ ਨਸ਼ਾ ਮੁਕਤ ਕਰਨ ਲਈ ਉਥੋਂ ਦੇ ਕੈਮਿਸਟਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਮਿਸਟਾਂ ਵੱਲੋਂ ਦਿੱਤੇ ਹੁੰਗਾਰੇ ਤੋਂ ਜਾਪਦਾ ਹੈ ਕਿ ਹੁਣ ਇਸ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਵੱਡੀ ਪੱਧਰ ’ਤੇ ਠੱਲ ਪਵੇਗੀ ਅਤੇ ਲੋਕ ਚੰਗਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਣਗੇ।