ਗਿਆਨਵਾਪੀ ਨੂੰ ਮਸਜਿਦ ਕਹਿਣਾ ‘ਮੰਦਭਾਗਾ’: ਯੋਗੀ
ਗੋਰਖਪੁਰ, 14 ਸਤੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕਿਹਾ ਕਿ ਗਿਆਨਵਾਪੀ ਨੂੰ ‘ਮਸਜਿਦ’ ਕਹਿਣਾ ‘ਮੰਦਭਾਗਾ’ ਹੈ। ਉਨ੍ਹਾਂ ਕਿਹਾ ਕਿ ਗਿਆਨਵਾਪੀ ਭਗਵਾਨ ਵਿਸ਼ਵਨਾਥ ਦਾ ਪ੍ਰਤੱਖ ਰੂਪ ਹੈ। ਯੋਗੀ ਨੇ ਇਹ ਟਿੱਪਣੀ ਅੱਜ ਦੀਨਦਿਆਲ ਉਪਾਧਿਆਏ ਗੋਰਖਪੁਰ ਯੂਨੀਵਰਸਿਟੀ ’ਚ ਕੌਮਾਂਤਰੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ।
ਉਨ੍ਹਾਂ ਕਿਹਾ, ‘ਇਹ ਮੰਦਭਾਗਾ ਹੈ ਕਿ ਕੁਝ ਲੋਕ ਗਿਆਨਵਾਪੀ ਨੂੰ ਮਸਜਿਦ ਕਹਿੰਦੇ ਹਨ, ਜਦਕਿ ਇਹ ਖੁਦ ਭਗਵਾਨ ਵਿਸ਼ਵਨਾਥ ਦਾ ਪ੍ਰਤੱਖ ਰੂਪ ਹੈ।’ ਮੁੱਖ ਮੰਤਰੀ ਨੇ ਮਹਾਨ ਰਿਸ਼ੀ ਆਦਿ ਸ਼ੰਕਰ ਦਾ ਜ਼ਿਕਰ ਕੀਤਾ ਅਤੇ ਕਾਸ਼ੀ ਵਿੱਚ ਭਗਵਾਨ ਵਿਸ਼ਵਨਾਥ ਨਾਲ ਸ਼ੰਕਰ ਦੀ ਮੁਲਾਕਾਤ ਬਾਰੇ ਕਥਾ ਸੁਣਾਈ। ਇਹ ਕਥਾ ਸੁਣਾਉਂਦਿਆਂ ਹੀ ਮੁੱਖ ਮੰਤਰੀ ਨੇ ਗਿਆਨਵਾਪੀ ਨੂੰ ਭਗਵਾਨ ਦਾ ਪ੍ਰਤੱਖ ਰੂਪ ਦੱਸਿਆ।
ਮੁੱਖ ਮੰਤਰੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਮਾਜਵਾਦੀ ਪਾਰਟੀ ਦੇ ਬੁਲਾਰੇ ਅੱਬਾਸ ਹੈਦਰ ਨੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਉਹ (ਯੋਗੀ) ਅਦਾਲਤ ਦਾ ਸਨਮਾਨ ਨਹੀਂ ਕਰਦੇ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਆਪਣੇ ਸਿਆਸੀ ਹਿੱਤਾਂ ਲਈ ਉਹ ਸਮਾਜ ਨੂੰ ਵੰਡ ਰਹੇ ਹਨ।’ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਭਾਜਪਾ ਨੂੰ ਦਿੱਤਾ ਗਿਆ ਫਤਵਾ ਇਹ ਵੀ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਕੋਈ ਗੱਲ ਨਹੀਂ ਕੀਤੀ। ਯੂਪੀ ਭਾਜਪਾ ਦੇ ਤਰਜਮਾਨ ਮਨੀਸ਼ ਸ਼ੁਕਲਾ ਨੇ ਕਿਹਾ, ‘ਇਤਿਹਾਸਕ, ਪੁਰਾਤੱਤਵ ਅਤੇ ਅਧਿਆਤਮਿਕ ਸਬੂਤ ਸਪੱਸ਼ਟ ਤੌਰ ’ਤੇ ਇਹ ਸੰਕੇਤ ਦਿੰਦੇ ਹਨ ਕਿ ਗਿਆਨਵਾਪੀ ਮੰਦਰ ਹੈ।’ -ਪੀਟੀਆਈ