ਘਰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਦੋਸਤ ਦਾ ਕਤਲ
ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 21 ਨਵੰਬਰ
ਇਸ ਹਲਕੇ ਦੇ ਪਿੰਡ ਧਰਮਕੋਟ ਪੱਤਣ ਦੇ ਇੱਕ ਨੌਜਵਾਨ ਦਾ ਉਸਦੇ ਹੀ ਦੋਸਤਾਂ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸਚਿਨ ਮਸੀਹ (25) ਪੁੱਤਰ ਬੱਗਾ ਮਸੀਹ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੰਗੀ ’ਚ ਉਸਦੇ ਨੇ ਦੋਸਤਾਂ ਨੇ ਉਸ ਨੂੰ ਘਰ ਬੁਲਾ ਕੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਅੱਜ ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਡੇਰਾ ਬਾਬਾ ਨਾਨਕ ਦੀ ਪੁਲੀਸ ਚੌਕੀ ਧਰਮਕੋਟ ਰੰਧਾਵਾ ਵਿੱਚ ਧਰਨਾ ਦਿੱਤਾ ਗਿਆ। ਮ੍ਰਿਤਕ ਦੀ ਮਾਤਾ ਰੋਜ਼ੀ ਨੇ ਦੱਸਿਆ ਕਿ ਉਸ ਦਾ ਪੁੱਤਰ ਲੋਕ ਨਿਰਮਾਣ ਵਿਭਾਗ ’ਚ ਮੁਲਾਜ਼ਮ ਸੀ ਅਤੇ ਬੀਤੇ ਦਿਨ ਪਿੰਡ ਝੰਗੀ ’ਚ ਰਹਿੰਦੇ ਉਸਦੇ ਦੋਸਤਾਂ ਨੇ ਘਰ ਬੁਲਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਹ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਲੈ ਕੇ ਗਏ ਅਤੇ ਉਨ੍ਹਾਂ ਨੂੰ ਫੋਨ ਕੀਤਾ ਕਿ ਸਚਿਨ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਚੌਕੀ ਧਰਮਕੋਟ ਵਿੱਚ ਰਿਪੋਰਟ ਦਰਜ ਕਰਵਾਈ ਹੈ ਪਰ ਪੁਲੀਸ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਹੈ ਜਿਸ ਦੇ ਰੋਸ ’ਚ ਉਨ੍ਹਾਂ ਪੁਲੀਸ ਚੌਕੀ ਧਰਮਕੋਟ ਰੰਧਾਵਾ ਦਾ ਘਿਰਾਓ ਕੀਤਾ ਹੈ। ਇਸ ਸਬੰਧੀ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਮਰਜੀਤ ਮਸੀਹ ਨੇ ਕਿਹਾ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਦੋ ਵਿਅਕਤੀਆਂ ਖਿਲਾਫ ਕਤਲ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।