ਬੇਗਮਪੁਰਾ ਵਸਾਉਣ ਦਾ ਸੱਦਾ: ਪੁਲੀਸ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਦਰਜਨ ਆਗੂ ਹਿਰਾਸਤ ਵਿੱਚ ਲਏ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 20 ਮਈ ਨੂੰ ਬੀੜ ਐਸਵਾਨ ਸੰਗਰੂਰ ਵਿਚ 927 ਏਕੜ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡਣ ਤੇ ਬੇਗਮਪੁਰਾ ਵਸਾਉਣ ਦੇ ਸੱਦੇ ਨੂੰ ਫੇਲ੍ਹ ਕਰਨ ਲਈ ਇੱਥੋਂ ਦੀ ਪੁਲੀਸ ਨੇ ਇੱਕ ਦਰਜਨ ਮਜ਼ਦੂਰ ਆਗੂਆਂ ਨੂੰ ਹਿਰਾਸਤ ਵਿਚ ਲਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਰਾਮਪਾਲ ਸਿੰਘ ਬਾਲਦ ਕਲਾਂ, ਚਰਨਾਂ ਸਿੰਘ ਬਾਲਦ ਕਲਾਂ, ਭਿੰਦਾ ਸਿੰਘ ਬਾਲਦ ਕਲਾਂ, ਜੀਵਨ ਸਿੰਘ ਘਰਾਚੋਂ, ਕਾਲੂ ਸਿੰਘ ਘਰਾਚੋਂ, ਤਰਸੇਮ ਸਿੰਘ ਘਰਾਚੋਂ, ਸਤਨਾਮ ਸਿੰਘ ਫਤਿਹਗੜ੍ਹ ਭਾਦਸੋਂ, ਹਰਦੇਵ ਸਿੰਘ, ਸੁਖਵਿੰਦਰ ਸਿੰਘ ਬਟੜਿਆਣਾ, ਰਾਮਚੰਦ, ਬਲਵੀਰ ਸਿੰਘ, ਨਿਰਭੈ ਸਿੰਘ ਝਨੇੜੀ, ਕਰਨੈਲ ਸਿੰਘ ਜੌਲੀਆਂ ਆਦਿ ਨੂੰ ਹਿਰਾਸਤ ਵਿੱਚ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮਜ਼ਦੂਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਮਜ਼ਦੂਰ ਆਗੂਆਂ ਦੀਆਂ ਗ੍ਰਿਫਤਾਰੀਆਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਬੇਗਮਪੁਰਾ ਵਸਾਉਣ ਦੇ ਸੱਦੇ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬੁਖਲਾਹਟ ਵਿੱਚ ਆ ਕੇ ਇਹ ਕਦਮ ਉਠਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਬੇਗ਼ਮਪੁਰਾ ਵਸਾਉਣ ਦੇ ਪ੍ਰੋਗਰਾਮ ਵਿੱਚ ਹਜ਼ਾਰਾਂ ਮਜ਼ਦੂਰ ਸ਼ਾਮਲ ਹੋਣਗੇ।