ਪੁਲੀਸ ਕਾਰਵਾਈ ਖ਼ਿਲਾਫ਼ ਘਰਾਂ ’ਤੇ ਕਾਲੇ ਝੰਡੇ ਲਾਉਣ ਦਾ ਸੱਦਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਫਰਵਰੀ
ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਗੋਲੀ ਲੱਗਣ ਸਮੇਤ ਸ਼ੰਭੂ ਅਤੇ ਖਨੌਰੀ ਵਿਚ ਹਰਿਆਣਾ ਪੁਲੀਸ ਵੱਲੋਂ ਪੰਜਾਬ ਦੇ ਖੇਤਰ ’ਚ ਦਾਖਲ ਹੋ ਕੇ ਕਿਸਾਨਾਂ ਦੀ ਕੁੱਟਮਾਰ ਅਤੇ ਟਰੈਕਟਰਾਂ ਦੀ ਭੰਨਤੋੜ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਕਿਸਾਨ ਨੇਤਾਵਾਂ ਨੇ ਇਸ ਨੂੰ ਗੈਰਸੰਵਿਧਾਨਕ, ਗੈਰ ਜਮਹੂਰੀ ਅਤੇ ਅਪਰਾਧਿਕ ਘਟਨਾ ਗਰਦਾਨਿਆ ਹੈ। ਦਿੱਲੀ ਕੂਚ ਤਹਿਤ ਸ਼ੰਭੂ ਤੇ ਖਨੌਰੀ ਵਿਚ ਕਿਸਾਨ ਧਰਨਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸੁਰਜੀਤ ਸਿੰਘ ਫੂਲ ਨੇ ਇਸ ਘਟਨਾ ਦੇ ਰੋਸ ਵਜੋਂ ਸਮੁੱਚੀ ਲੋਕਾਈ, ਖਾਸ ਕਰਕੇ ਪੰਜਾਬੀਆਂ ਨੂੰ ਅੱਜ ਤੋਂ ਹੀ ਆਪਣੇ ਘਰਾਂ, ਦੁਕਾਨਾਂ, ਕਾਰੋਬਾਰੀ ਸਥਾਨਾਂ ਸਮੇਤ ਵਾਹਨਾਂ ’ਤੇ ਕਾਲੇ ਝੰਡੇ ਲਾਉਣ ਦਾ ਸੱਦਾ ਦਿੱਤਾ ਹੈ। ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਦੀ ਇਸ ਕਾਰਵਾਈ ਕਰਕੇ 21 ਫਰਵਰੀ ਦਾ ਦਿਨ ਇਤਿਹਾਸ ’ਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਹੈ ਕਿ ਭਾਰੀ ਤਸ਼ੱਦਦ ਸਹਿਣ ਦੇ ਬਾਵਜੂਦ ਕਿਸਾਨਾਂ ਨੇ ਹਰਿਆਣਾ ਪੁਲੀਸ ਵੱਲ ਇੱਕ ਰੋੜਾ ਤੱਕ ਵੀ ਨਹੀਂ ਸੁੱਟਿਆ ਪਰ ਇਸ ਦੇ ਉਲਟ ਉਨ੍ਹਾਂ ਨੇ ਸਾਡੇ ਇੱਕ ਨੌਜਵਾਨ ਕਿਸਾਨ ਦੀ ਜਾਨ ਹੀ ਲੈ ਲਈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਹਿਲੇ ਦਿਨ ਤੋਂ ਹੀ ਉਹ ਅਮਨ ਅਤੇ ਸ਼ਾਂਤੀ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਇੱਕ ਪਾਸੇ ਸਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਰਾਹ ਰੋਕੀਂ ਬੈਠੀ ਹਰਿਆਣਾ ਪੁਲੀਸ ਪਹਿਲੇ ਹੀ ਦਿਨ ਤੋਂ ਲਗਾਤਾਰ ਅੱਥਰੂ ਗੈਸ ਦੇ ਗੋਲੇ ਵਰਸਾਉਂਦੀ ਆ ਰਹੀ ਹੈ।