ਨੈੱਟਫਲਿਕਸ ਸੀਰੀਜ਼ ‘ਆਈਸੀ 814: ਦਿ ਕੰਧਾਰ ਹਾਈਜੈਕ’ ਦੇ ਬਾਈਕਾਟ ਦਾ ਸੱਦਾ
ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਸਰਗਰਮ ਲੋਕਾਂ ਦੇ ਇੱਕ ਹਿੱਸੇ ਵੱਲੋਂ ਨੈੱਟਫਲਿਕਸ ’ਤੇ ਦਿਖਾਈ ਜਾ ਰਹੀ ਸੀਰੀਜ਼ ‘ਆਈਸੀ 814: ਦਿ ਕੰਧਾਰ ਹਾਈਜੈਕ’ ਦੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ। ਉਹ ਦੋਸ਼ ਲਾ ਰਹੇ ਹਨ ਕਿ 1999 ਦੀ ਘਟਨਾ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੀ ਅਸਲ ਪਛਾਣ ਨੂੰ ਇਸ ਸੀਰੀਜ਼ ਵਿਚ ਛੁਪਾਇਆ ਗਿਆ ਹੈ। ਦੂਜੇ ਪਾਸੇ ਇਸ ਫਿਲਮ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਦਾਅਵਾ ਕੀਤਾ ਹੈ ਕਿ ਦਹਿਸ਼ਤਗਰਦਾਂ ਨੇ ਇੱਕ ਦੂਜੇ ਨੂੰ ਸੱਦਣ ਲਈ ਛੋਟੇ ਨਾਂ (ਉਪਨਾਮ) ਰੱਖੇ ਹੋਏ ਸੀ ਅਤੇ ਇਹ ਸੀਰੀਜ਼ ਬਣਾਉਣ ਲਈ ਸਾਰੇ ਪੱਖਾਂ ਨੂੰ ਸਹੀ ਢੰਗ ਨਾਲ ਵਾਚਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ। ਇਹ ਸੀਰੀਜ਼ ਕਾਠਮੰਡੂ ਤੋਂ ਏਅਰ ਇੰਡੀਆ ਦੀ ਉਡਾਣ ਨੂੰ 24 ਦਸੰਬਰ, 1999 ਨੂੰ ਪੰਜ ਦਹਿਸ਼ਤਗਰਦਾਂ ਵੱਲੋਂ ਅਗਵਾ ਕਰਨ ਦੀ ਘਟਨਾ ’ਤੇ ਆਧਾਰਿਤ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਐਕਸ ’ਤੇ #ਬਾਈਕਾਟ ਨੈੱਟਫਲਿਕਸ, #ਬਾਈਕਾਟ ਬੌਲੀਵੁਡ ਅਤੇ #ਆਈਸੀ 814 ਹੈਸ਼ਟੈਗ ਦੀ ਵਰਤੋਂ ਕਰਦਿਆਂ ਇਸ ਸੀਰੀਜ਼ ਨੂੰ ਨਾ ਦੇਖਣ ਬਾਰੇ ਕਿਹਾ ਜਾ ਰਿਹਾ ਹੈ। ਸੀਰੀਜ਼ ਦਾ ਬਾਈਕਾਟ ਕਰਨ ਵਾਲੇ ਦਾਅਵਾ ਕਰ ਰਹੇ ਹਨ ਕਿ ਸੀਰੀਜ਼ ਦੇ ਨਿਰਮਾਤਾਵਾਂ ਨੇ ਇਕ ਫਿਰਕੇ ਦੇ ਦਹਿਸ਼ਤਗਰਦਾਂ ਨੂੰ ਬਚਾਉਣ ਲਈ ਅਗਵਾਕਾਰਾਂ ਦੇ ਨਾਂ ਬਦਲ ਕੇ ਸ਼ੰਕਰ ਅਤੇ ਭੋਲਾ ਰੱਖ ਦਿੱਤੇ ਹਨ। ਉਹ ਦੋਸ਼ ਲਾ ਰਹੇ ਹਨ ਕਿ ਸੀਰੀਜ਼ ਦੇ ਨਿਰਦੇਸ਼ਕ ਨੇ ਇਸ ਘਟਨਾ ਦੇ ਸਾਰੇ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਹਨ। ਇਕ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਆਈਸੀ 814 ਵਿਚ ਸ਼ਾਮਲ ਦਹਿਸ਼ਤਗਰਦਾਂ ਦੇ ਨਾਂ ਅਹਿਮਦ ਉਮਰ ਸਈਦ ਸ਼ੇਖ, ਮਸੂਦ ਅਜ਼ਹਰ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਸਨ ਜਿਨ੍ਹਾਂ ਨੂੰ ਬਦਲ ਕੇ ਸ਼ੰਕਰ ਅਤੇ ਭੋਲਾ ਰੱਖ ਦਿੱਤਾ ਗਿਆ।’ ਜ਼ਿਕਰਯੋਗ ਹੈ ਕਿ ਏਅਰ ਇੰਡੀਆ ਵਿੱਚ ਸਵਾਰ 154 ਯਾਤਰੀਆਂ ਅਤੇ ਚਾਲਕ ਦਲ ਨੂੰ ਅੱਠ ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਸੰਘਰਸ਼ ਉਦੋਂ ਖ਼ਤਮ ਹੋਇਆ ਸੀ ਜਦੋਂ ਕੱਟੜ ਦਹਿਸ਼ਤਗਰਦ ਮਸੂਦ ਅਜ਼ਹਰ, ਉਮਰ ਸ਼ੇਖ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਰਿਹਾਅ ਕੀਤਾ ਗਿਆ ਅਤੇ ਭਾਰਤ ਦੇ ਤਤਕਾਲੀ ਵਿਦੇਸ਼ ਮੰਤਰੀ ਜਸਵੰਤ ਸਿੰਘ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਕੰਧਾਰ ਲੈ ਕੇ ਗਏ ਸਨ। -ਪੀਟੀਆਈ