ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ; ਪੰਜ ਮੌਤਾਂ
* ਬਾਇਡਨ ਵੱਲੋਂ ਇਟਲੀ ਦਾ ਦੌਰਾ ਰੱਦ
* ਅੱਗ ਬੁਝਾਉਣ ਲਈ ਫੌਜੀ ਹੈਲੀਕਾਪਟਰਾਂ ਸਮੇਤ ਹੋਰ ਦਸਤੇ ਤਾਇਨਾਤ
ਵਾਸ਼ਿੰਗਟਨ, 9 ਜਨਵਰੀ
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਖ਼ਿੱਤੇ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਲੱਖ ਤੋਂ ਵਧ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੌਲੀਵੁੱਡ ਹਿੱਲਜ ਲਈ ਵੀ ਖਤਰਾ ਪੈਦਾ ਹੋ ਗਿਆ ਹੈ। ਬਿਲੀ ਕ੍ਰਿਸਟਲ, ਮੈਂਡੀ ਮੂਰ, ਪੈਰਿਸ ਹਿਲਟਨ ਅਤੇ ਕੈਰੀ ਐਲਵੇਜ਼ ਜਿਹੀਆਂ ਹੌਲੀਵੁੱਡ ਹਸਤੀਆਂ ਕੈਲੀਫੋਰਨੀਆ ’ਚ ਰਹਿੰਦੀਆਂ ਹਨ ਅਤੇ ਅੱਗ ’ਚ ਉਨ੍ਹਾਂ ਦੇ ਘਰ ਨੁਕਸਾਨੇ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਵਾਸਤੇ ਇਟਲੀ ਅਤੇ ਵੈਟੀਕਨ ਦਾ ਦੌਰਾ ਰੱਦ ਕਰ ਦਿੱਤਾ ਹੈ।
ਰਾਸ਼ਟਰਪਤੀ ਵਜੋਂ ਬਾਇਡਨ ਦਾ ਇਹ ਆਖਰੀ ਵਿਦੇਸ਼ ਦੌਰਾ ਸੀ। ਬਾਇਡਨ ਨੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੋਪ ਫਰਾਂਸਿਸ ਅਤੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਲਈ ਤਿੰਨ ਦਿਨੀਂ ਵਿਦੇਸ਼ ਯਾਤਰਾ ’ਤੇ ਰਵਾਨਾ ਹੋਣਾ ਸੀ। ਬਾਇਡਨ ਬੁੱਧਵਾਰ ਨੂੰ ਜੰਮੇ ਆਪਣੇ ਪੜਪੋਤੇ ਨੂੰ ਦੇਖਣ ਲਈ ਲਾਸ ਏਂਜਿਲਸ ਗਏ ਸਨ ਅਤੇ ਉਥੋਂ ਪਰਤਣ ਮਗਰੋਂ ਉਨ੍ਹਾਂ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਤੋਂ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ ਬਾਰੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਤਿੰਨ ਇਲਾਕਿਆਂ ਪਾਲੀਸੇਡਸ (ਲਾਸ ਏਂਜਿਲਸ ਦੇ ਪੱਛਮ), ਈਟਨ (ਪਾਸਾਡੇਨਾ ਦੇ ਉੱਤਰ) ਅਤੇ ਸਾਂ ਫਰਨਾਂਡੋ ਘਾਟੀ ਦੇ 70 ਸਕੁਏਅਰ ਕਿਲੋਮੀਟਰ ਘੇਰੇ ’ਚ ਅੱਗ ਫੈਲੀ ਹੋਈ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਅੱਗ ’ਤੇ ਕਾਬੂ ਪਾਉਣ ਲਈ 7,500 ਮੁਲਾਜ਼ਮ ਤਾਇਨਾਤ ਕੀਤੇ ਹਨ। ਰੱਖਿਆ ਵਿਭਾਗ ਨੇ ਜਲ ਸੈਨਾ ਦੇ 10 ਹੈਲੀਕਾਪਟਰ ਅਤੇ ਸੀ-130 ਏਅਰਕ੍ਰਾਫ਼ਟ ਸਣੇ ਹੋਰ ਅਮਲੇ ਨੂੰ ਅੱਗ ਬੁਝਾਉਣ ਲਈ ਤਾਇਨਾਤ ਕੀਤਾ ਹੈ। ਲਾਸ ਏਂਜਿਲਸ ਕਾਊਂਟੀ ਸ਼ੈਰਿਫ਼ ਰੌਬਰਟ ਲੂਨਾ ਮੁਤਾਬਕ ਬੁੱਧਵਾਰ ਤੱਕ ਕਰੀਬ 27 ਹਜ਼ਾਰ ਏਕੜ ਰਕਬਾ ਅੱਗ ਦੀ ਮਾਰ ਹੇਠ ਆ ਚੁੱਕਾ ਸੀ। -ਪੀਟੀਆਈ
ਜੰਗਲਾਂ ’ਚ ਅੱਗ ਕਾਰਨ ਆਸਕਰ ਨਾਮਜ਼ਦਗੀਆਂ ’ਚ ਦੇਰ
ਲਾਸ ਏਂਜਲਸ:
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਖ਼ਿੱਤੇ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ 97ਵੇਂ ਅਕੈਡਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ 19 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ ਨੂੰ ਹੋਣਾ ਸੀ। ‘ਵੈਰਾਇਟੀ’ ਮੁਤਾਬਕ ਅਕੈਡਮੀ ਨੇ ਮੁੱਖ ਕਾਰਜਕਾਰੀ ਅਧਿਕਾਰੀ ਬਿਲ ਕ੍ਰੈਮਰ ਵੱਲੋਂ ਮੈਂਬਰਾਂ ਨੂੰ ਬੁੱਧਵਾਰ ਦੁਪਹਿਰ ਤਰੀਕ ’ਚ ਬਦਲਾਅ ਬਾਰੇ ਈਮੇਲ ਭੇਜਿਆ ਹੈ। ਈਮੇਲ ’ਚ ਲਿਖਿਆ ਹੈ, ‘‘ਅਸੀਂ ਦੱਖਣੀ ਕੈਲੀਫੋਰਨੀਆ ’ਚ ਲੱਗੀ ਭਿਆਨਕ ਅੱਗ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕਰਨਾ ਚਾਹੁੰਦੇ ਹਾਂ। ਸਾਡੇ ਕਈ ਮੈਂਬਰ ਅਤੇ ਇੰਡਸਟਰੀ ਦੇ ਸਹਿਯੋਗੀ ਲਾਸ ਏਂਜਲਸ ਖ਼ਿੱਤੇ ’ਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਸਾਨੂੰ ਉਨ੍ਹਾਂ ਦੀ ਫਿਕਰ ਹੈ।’’ ਇਸ ਦੇ ਨਾਲ ਹੀ ਆਸਕਰ ਨਾਮਜ਼ਦਗੀ ਲਈ ਵੋਟਿੰਗ ਦਾ ਸਮਾਂ ਦੋ ਦਿਨ ਵਧਾ ਕੇ 14 ਜਨਵਰੀ ਕਰ ਦਿੱਤਾ ਗਿਆ ਹੈ। ਕਰੀਬ 10 ਹਜ਼ਾਰ ਅਕੈਡਮੀ ਮੈਂਬਰਾਂ ਲਈ ਵੋਟਿੰਗ 8 ਜਨਵਰੀ ਤੋਂ ਸ਼ੁਰੂ ਹੋਈ ਸੀ ਅਤੇ ਇਹ 12 ਜਨਵਰੀ ਨੂੰ ਖ਼ਤਮ ਹੋਣੀ ਸੀ। ਆਸਕਰ ਸਮਾਗਮ ਦੀ ਕੌਨਨ ਓ’ਬ੍ਰਾਇਨ ਮੇਜ਼ਬਾਨੀ ਕਰਨਗੇ ਜੋ 2 ਮਾਰਚ ਨੂੰ ਲਾਸ ਏਂਜਿਲਸ ਦੇ ਡੌਲਬੀ ਥਿਏਟਰ ’ਚ ਹੋਵੇਗਾ। ਫਿਲਮਾਂ ‘ਅਨਸਟੌਪੇਬਲ’, ‘ਵੁਲਫ ਮੈਨ’, ‘ਬੈਟਰ ਮੈਨ’ ਅਤੇ ‘ਦਿ ਪਿਟ’ ਦੇ ਪ੍ਰੀਮੀਅਰ ਰੱਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ‘ਕ੍ਰਿਟਿਕ ਚੁਆਇਸ ਐਵਾਡਸ’ ਦਾ ਐਲਾਨ 12 ਜਨਵਰੀ ਨੂੰ ਸੈਂਟਾ ਮੋਨਿਕਾ ’ਚ ਹੋਣਾ ਸੀ ਪਰ ਹੁਣ ਇਹ 26 ਜਨਵਰੀ ਨੂੰ ਹੋਵੇਗਾ। -ਪੀਟੀਆਈ
‘ਅਨੁਜਾ’ ਲਈ ਪ੍ਰਿਯੰਕਾ ਚੋਪੜਾ ਆਸਕਰ ਪ੍ਰੋਗਰਾਮ ’ਚ ਸ਼ਮੂਲੀਅਤ ਵਾਸਤੇ ਪੁੱਜੀ
ਲਾਸ ਏਂਜਿਲਸ:
ਅਦਾਕਾਰਾ-ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਸ ਆਸਕਰ ਲਈ ਚੁਣੀ ਗਈ ‘ਅਨੁਜਾ’ ਦੀ ਕਾਰਜਕਾਰੀ ਨਿਰਮਾਤਾ ਵਜੋਂ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਪਹੁੰਚ ਗਈ ਹੈ। ਨਵੀਂ ਦਿੱਲੀ ’ਚ ਬਣੀ ਇਸ ਲਘੂ ਫਿਲਮ ਦੇ ਨਿਰਮਾਤਾ ਦੋ ਵਾਰ ਅਕੈਡਮੀ ਪੁਰਸਕਾਰ ਜੇਤੂ ਗੁਨੀਤਾ ਮੌਂਗਾ ਅਤੇ ਮਿੰਡੀ ਕਲਿੰਗ ਹਨ। ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਵੱਲੋਂ ‘ਲਾਈਵ ਐਕਸ਼ਨ ਸ਼ਾਰਟ’ ਵਰਗ ’ਚ ਚੁਣੀਆਂ 15 ਫਿਲਮਾਂ ’ਚੋਂ ਇਕ ‘ਅਨੁਜਾ’ ਵੀ ਹੈ। ਐਡਮ ਜੇ ਗ੍ਰੇਵਸ ਅਤੇ ਸੁਚਿਤਰਾ ਮਟੱਈ ਵੱਲੋਂ ਨਿਰਦੇਸ਼ਿਤ ‘ਅਨੁਜਾ’ 9 ਸਾਲ ਦੀ ਇਕ ਹੋਣਹਾਰ ਬੱਚੀ ਦੀ ਕਹਾਣੀ ਹੈ ਜਿਸ ਨੂੰ ਆਪਣੀ ਭੈਣ ਨਾਲ ਫੈਕਟਰੀ ’ਚ ਕੰਮ ਕਰਨ ਅਤੇ ਸਿੱਖਿਆ ’ਚੋਂ ਕਿਸੇ ਇਕ ਨੂੰ ਚੁਣਨਾ ਪੈਂਦਾ ਹੈ। ਇਸ ’ਚ ਸਜਦਾ ਪਠਾਨ ਅਤੇ ਅਨੰਨਿਆ ਸ਼ਾਨਬਾਗ ਨੇ ਮੁੱਖ ਭੂਮਿਕਾ ਨਿਭਾਈ ਹੈ। -ਪੀਟੀਆਈ