For the best experience, open
https://m.punjabitribuneonline.com
on your mobile browser.
Advertisement

ਕੈਲਗਰੀ ਕਬੱਡੀ ਕੱਪ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਿਆ

07:58 AM Jul 03, 2024 IST
ਕੈਲਗਰੀ ਕਬੱਡੀ ਕੱਪ ਰਾਜਵੀਰ ਰਾਜੂ ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਿਆ
ਸਰਵੋਤਮ ਜਾਫੀ ਸੱਤੂ ਖਡੂਰ ਸਾਹਿਬ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ ਪੰਮਾ ਸ਼ੇਖਦੌਲਤ, ਪੰਮਾ ਰਣਸੀਂਹ ਤੇ ਸਾਥੀ।
Advertisement

ਸੁਰਿੰਦਰ ਮਾਵੀ

Advertisement

ਵਿਨੀਪੈੱਗ: ਈਗਲਜ਼ ਕਬੱਡੀ ਕਲੱਬ ਫੈਡਰੇਸ਼ਨ ਅਲਬਰਟਾ ਵੱਲੋਂ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਝੰਡੇ ਹੇਠ ਪੰਮਾ ਸ਼ੇਖਦੌਲਤ ਤੇ ਪੰਮਾ ਰਣਸੀਂਹ ਹੋਰਾਂ ਦੀ ਨੌਜਵਾਨ ਟੀਮ ਵੱਲੋਂ ਚੌਥਾ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ। ਇਹ ਕੱਪ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਿਆ ਅਤੇ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਦੀ ਟੀਮ ਉਪ ਜੇਤੂ ਰਹੀ। ਇਸ ਕੱਪ ਦਾ ਸੰਚਾਲਨ ਮੇਜ਼ਬਾਨ ਕਲੱਬ ਵੱਲੋਂ ਪੰਮਾ ਸ਼ੇਖਦੌਲਤ, ਪੰਮਾ ਰਣਸੀਂਹ, ਲੱਕੀ ਕਪੂਰੇ, ਰਾਮ ਸਿੱਧੂ ਘੋਲੀਆ, ਗੁਰਿੰਦਰ ਰਾਣਾ, ਸਤਨਾਮ ਕਲਿਆਣ, ਪਾਲੀ ਵਿਰਕ, ਬਲਵਿੰਦਰ ਰਣਸੀਂਹ, ਸੋਨੀ ਸਵੱਦੀ, ਸ਼ੋਢੀ, ਮਨਦੀਪ ਸੂਮਲ, ਗੋਲਡੀ ਜੰਮੂ, ਡੀ.ਜੇ. ਮਾਂਗਟ ਤੇ ਜਯੋਤੀ ਅਟਵਾਲ ਦੀ ਟੀਮ ਨੇ ਕੀਤਾ।
ਇਸ ਕੱਪ ’ਚ ਛੇ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪਹਿਲੇ ਮੈਚ ’ਚ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੇ ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ 35-29.5 ਨਾਲ, ਦੂਸਰੇ ਮੈਚ ’ਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਨੇ ਰਿਚਮੰਡ ਕਬੱਡੀ ਕਲੱਬ ਨੂੰ ਅੱਧੇ (32.5-32) ਅੰਕ ਨਾਲ, ਤੀਸਰੇ ਮੈਚ ’ਚ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਨੇ ਸ਼ੇਰੇ ਪੰਜਾਬ ਕਲੱਬ ਨੂੰ 29.5-15 ਅੰਕਾਂ ਨਾਲ, ਚੌਥੇ ਮੈਚ ’ਚ ਸ. ਹਰੀ ਸਿੰਘ ਨਲੂਆ ਮਾਲਵਾ ਕਲੱਬ ਨੇ ਰਿਚਮੰਡ ਕਲੱਬ ਨੂੰ 36.5-28 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ’ਚ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੇ ਸਰੀ ਸੁਪਰ ਸਟਾਰਜ਼ ਕਲੱਬ ਦੀ ਟੀਮ ਨੂੰ 35.5-31 ਅੰਕਾਂ ਨਾਲ ਹਰਾਇਆ। ਦੂਸਰੇ ਸੈਮੀਫਾਈਨਲ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸ. ਹਰੀ ਸਿੰਘ ਨਲੂਆ ਮਾਲਵਾ ਕਲੱਬ ਨੂੰ 35.5-20 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਰੋਚਕ ਫਾਈਨਲ ਮੁਕਾਬਲੇ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੂੰ 38.5-33 ਅੰਕਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ।
ਇਸ ਕੱਪ ਦੌਰਾਨ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਦੇ ਖਿਡਾਰੀ ਸੱਤੂ ਖਡੂਰ ਸਾਹਿਬ ਨੇ 8 ਕੋਸ਼ਿਸ਼ਾਂ ਤੋਂ 5 ਅੰਕ ਹਾਸਲ ਕਰਕੇ ਸਰਵੋਤਮ ਜਾਫੀ ਦਾ ਖ਼ਿਤਾਬ ਜਿੱਤਿਆ। ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਦੇ ਧਾਵੀ ਸੰਦੀਪ ਲੁੱਧਰ ਦਿੜ੍ਹਬਾ ਨੇ 11 ਅਜੇਤੂ ਧਾਵੇ ਬੋਲ ਕੇ ਸਰਵੋਤਮ ਧਾਵੀ ਦਾ ਖ਼ਿਤਾਬ ਜਿੱਤਿਆ। ਸੰਦੀਪ ਲੁੱਧਰ ਤੇ ਸੱਤੂ ਖਡੂਰ ਸਾਹਿਬ ਨੇ ਕ੍ਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ।
ਕੱਪ ਦੌਰਾਨ ਐੱਮ.ਪੀ. ਜਸਰਾਜ ਸਿੰਘ ਹੱਲਣ, ਸ਼ੈਡੋ ਮੰਤਰੀ ਲੌਰਨ ਬੈਚ, ਐੱਮ.ਐੱਲ.ਏ. ਪਰਮੀਤ ਬੋਪਾਰਾਏ, ਕੌਂਸਲਰ ਰਾਜ ਧਾਲੀਵਾਲ ਅਤੇ ਕਬੱਡੀ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਪੁੱਜੀਆਂ। ਉੱਘੇ ਗਾਇਕ ਕੇ. ਐੱਸ. ਮੱਖਣ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਕਬੱਡੀ ਕੱਪ ਦੀ ਸ਼ੁਰੂਆਤ ਮੰਚ ਸੰਚਾਲਕ ਜਤਿੰਦਰ ਸਹੇੜੀ ਵੱਲੋਂ ਅਰਦਾਸ ਕਰਨ ਨਾਲ ਹੋਈ। ਇਸ ਕੱਪ ਦੌਰਾਨ ਨਾਮਵਰ ਕਬੱਡੀ ਖਿਡਾਰੀ ਫੌਜੀ ਕੁਰੜ ਛਾਪਾ ਤੇ ਖੇਡ ਪ੍ਰਮੋਟਰ ਪਾਲੀ ਵਿਰਕ ਨੂੰ ਸੋਨ ਤਗ਼ਮੇ ਨਾਲ, ਗੀਚਾ, ਸਵਰਨਾ ਵੈਲੀ, ਬਲਜਿੰਦਰ ਭਿੰਡਰ, ਕਾਲੂ ਰਸੂਲਪੁਰ, ਚਮਕੌਰ ਬੱਸੀਆਂ, ਰਾਮਪਾ ਹਰਜ, ਕੱਦੂ ਰਸੂਲਪੁਰ, ਸੋਨੀ ਸਵੱਦੀ ਤੇ ਸ਼ੀਰਾ ਮੱਲੀਆਂ, ਦਸਮੇਸ਼ ਕਲਚਰ ਗੁਰੂ ਘਰ ਦੀ ਕਮੇਟੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਰੱਸਾਕਸ਼ੀ ਮੁਕਾਬਲਿਆਂ ’ਚੋਂ ਸ਼ਹੀਦ ਭਗਤ ਸਿੰਘ ਕਲੱਬ ਨੇ ਪਹਿਲਾ ਤੇ ਬਿਜਲੀ ਨੰਗਲ ਦੀ ਨੌਜਵਾਨ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਪਾਇਰਿੰਗ ਦੀ ਜ਼ਿੰਮੇਵਾਰੀ ਬੋਲਾ ਬਲੇਰ ਖਾਨ, ਅਮਰਜੀਤ ਸੋਢੀ, ਮੱਖਣ ਸਿੰਘ, ਸਵਰਨਾ ਵੈਲੀ ਤੇ ਗੋਰਾ ਸਿੱਧਵਾਂ ਨੇ ਨਿਭਾਈ। ਇਸ ਮੌਕੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਪ੍ਰਧਾਨ ਮਨਜੀਤ ਬਾਸੀ, ਗਿਆਨ ਵਿਨਿੰਗ, ਜਵਾਹਰਾ ਕਾਲਾ ਸੰਘਿਆਂ, ਹਰਪ੍ਰੀਤ ਸਿਵੀਆ, ਸਾਬੀ ਤੱਖਰ, ਜੋਤੀ ਸਮਰਾ ਆਦਿ ਪੁੱਜੇ। ਐਵੀ ਐਂਟਰਟੇਨਮੈਂਟ ਦੀ ਟੀਮ ਨੇ ਮਲਵਈ ਗਿੱਧਾ ਪਾਇਆ। ਦਸਮੇਸ਼ ਕਲਚਰ ਗੁਰੂ ਘਰ ਵੱਲੋਂ ਲੰਗਰ ਲਗਾਇਆ ਗਿਆ। ਕੱਪ ਦੌਰਾਨ ਮੰਚ ਸੰਚਾਲਕ ਜਤਿੰਦਰ ਸਹੇੜੀ, ਕੁਮੈਂਟੇਟਰ ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਨੇ ਰੰਗ ਬੰਨ੍ਹਿਆ। ਕੱਪ ਦੇ ਮੈਚਾਂ ਦਾ ਸਮੁੱਚਾ ਲੇਖਾ ਜੋਖਾ ਅੰਕੜਾ ਕਾਰ ਜਸਵੰਤ ਖੜਗ ਨੇ ਇਕੱਤਰ ਕੀਤਾ।

ਬੱਚਿਆਂ ਨੇ ਦਿਖਾਈ ਪੰਜਾਬੀ ਸੱਭਿਆਚਾਰ ਦੀ ਝਲਕ

ਵਿਨੀਪੈਗ: ਬੁੱਲ੍ਹਾ ਆਰਟਸ ਇੰਟਰਨੈਸ਼ਨਲ ਨੇ ਆਪਣਾ ਨੌਵਾਂ ਸਾਲਾਨਾ ਟੈਲੈਂਟ ਸ਼ੋਅ ਜੁਬਲੀ ਪਲੇਸ ਅਤੇ ਕੰਸਰਟ ਹਾਲ ਵਿਨੀਪੈਗ ਵਿੱਚ ਕਰਾਇਆ। ਇਹ ਹੁਨਰ ਵਿਖਾਊ ਮੇਲਾ ਪਿਛਲੇ ਅੱਠ ਸਾਲਾਂ ਤੋਂ ਲਗਾਤਾਰ ਬੁੱਲ੍ਹਾ ਆਰਟਸ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਤਕਰੀਬਨ 200 ਕਲਾਕਾਰਾਂ ਨੇ ਹਿੱਸਾ ਲਿਆ। ਇਸ ਸ਼ੋਅ ਵਿੱਚ ਤਕਰੀਬਨ 500 ਦੇ ਕਰੀਬ ਦਰਸ਼ਕਾਂ ਨੇ ਪੰਜਾਬ ਦੇ ਖ਼ਾਲਸ ਲੋਕ ਨਾਚਾਂ ਗਿੱਧਾ, ਮਾਹੀਆ, ਭੰਗੜਾ, ਲੁੱਡੀ, ਸੰਮੀ, ਝੂਮਰ, ਨਾਟਕ ਅਤੇ ਸਕਿੱਟਾਂ ਦਾ ਆਨੰਦ ਮਾਣਿਆ।
ਨਿਮਰਤ ਸੰਘਾ ਵੱਲੋਂ ਤਿਆਰ ਕੀਤਾ ਲੋਕ ਨਾਚ ਸੰਮੀ ਇਸ ਮੇਲੇ ਦਾ ਸਭ ਤੋਂ ਮਨ ਲੁਭਾਉਣਾ ਨਾਚ ਰਿਹਾ। ਸੰਮੀ ਦੀ ਇਸ ਪੇਸ਼ਕਾਰੀ ਨੇ ਬੱਚਿਆਂ ਅਤੇ ਵੱਡਿਆਂ ਨੂੰ ਸਾਡੇ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਧੁਰ ਤੱਕ ਜੋੜੀ ਰੱਖਿਆ। ਇਸ ਤੋਂ ਇਲਾਵਾ ਬੱਚਿਆਂ ਨੇ ਮਾਈਮ ਅਤੇ ਸਕਿੱਟ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾਏ। ਹਰਜੀਤ ਵੱਲੋਂ ਤਿਆਰ ਤੇ ਸੁਮਨਪ੍ਰੀਤ, ਨਿਮਰਤ, ਹਰਲੀਨ, ਰਿੱਧੀ ਤੇ ਗੁਰ ਰੀਤ ਬਰਾੜ ਵੱਲੋਂ ਖੇਡਿਆ ਸਕਿੱਟ ‘ਫੋਨ’ ਸੋਹਣੀ ਛਾਪ ਛੱਡ ਗਿਆ। ਬਲਵਿੰਦਰ ਗਿੱਲ ਵੱਲੋਂ ਤਿਆਰ ਕੀਤਾ ਝੂਮਰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਜਿਸ ਵਿੱਚ ਮੈਨੀਟੋਬਾ ਸੂਬੇ ਦੇ ਐੱਮ.ਐੱਲ. ਏ. ਦਲਜੀਤ ਪਾਲ ਬਰਾੜ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ਦੇ ਮੇਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਗਈ। ਫ਼ਤਿਹ ਬਰਾੜ ਵੱਲੋਂ ਤਿਆਰ ਕੀਤਾ ‘ਬੁੱਲ੍ਹਾ ਜਵਾਨੀ’ ਪੇਸ਼ਕਾਰੀ ਵਿੱਚ ਕੈਨੇਡੀਅਨ ਬੱਚਿਆਂ ਵੱਲੋਂ ਆਪਣੇ ਸੱਭਿਆਚਾਰ ਨਾਲ ਜੁੜਨ ਦੀ ਬੇਮਿਸਾਲ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਯੁਵਰਾਜ ਕੰਗ ਵੱਲੋਂ ‘ਛੱਲਾ’ ਤੇ ਸਰਗਮ ਅਕੈਡਮੀ ਦੀ ਮਨਪ੍ਰੀਤ ਕੌਰ ਵੱਲੋਂ ਗੀਤ ਵੀ ਪੇਸ਼ ਕੀਤੇ ਗਏ। ਪ੍ਰੋਗਰਾਮ ਦੌਰਾਨ ਬੁੱਲ੍ਹਾ ਲੀਡਰਸ਼ਿਪ ਐਵਾਰਡ ਵੀ ਪ੍ਰਦਾਨ ਕੀਤੇ ਗਏ। ਬਲਜੋਤ ਰਾਏ ਅਕੈਡਮਿਕ, ਗੋਰਾ ਲੌਂਗੋਵਾਲੀਆ ਨੂੰ ਖੇਡਾਂ ਤੇ ਗੁਰਸਿਮਰਵੀਰ ਨੂੰ ਰੰਗਮੰਚ ਵਿੱਚ ਯੋਗਦਾਨ ਲਈ ਸਨਮਾਨਿਆ ਗਿਆ। ਇਹ ਇੱਕ ਅਜਿਹਾ ਸ਼ੋਅ ਸੀ ਜਿਸ ਵਿੱਚ ਮਨੋਰੰਜਨ ਤੋਂ ਇਲਾਵਾ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ, ਔਰਤਾਂ ਦੇ ਸ਼ਕਤੀਕਰਨ, ਬਜ਼ੁਰਗਾਂ ਦੀ ਇੱਜ਼ਤ ਕਰਨ ਅਤੇ ਭਾਈਚਾਰੇ ਦੇ ਮੁੱਦਿਆਂ ਨੂੰ ਵੱਖ-ਵੱਖ ਕਲਾਵਾਂ ਰਾਹੀਂ ਉਭਾਰਨ ਦੀ ਕੋਸ਼ਿਸ਼ ਸਾਫ਼ ਝਲਕਦੀ ਸੀ। ਸਮਾਗਮ ਵਿੱਚ ਸ਼ਹਿਰ ਦੀਆਂ ਕੁਝ ਉੱਘੀਆਂ ਹਸਤੀਆਂ ਨੇ ਆਪਣੀ ਹਾਜ਼ਰੀ ਲਵਾ ਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਰਾਏ ਬਿਲਾਲ ਅਕਰਮ ਭੱਟੀ ਦਾ ਸੰਗਤ ਵੱਲੋਂ ਸਵਾਗਤ

ਡਾ. ਚਰਨਜੀਤ ਸਿੰਘ ਗੁਮਟਾਲਾ

ਸਮਾਗਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਬੱਚੇ

ਡੇਟਨ (ਅਮਰੀਕਾ): ਜਨਮ ਸਾਖੀ ਸਾਹਿਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤਾਂ ਉਨ੍ਹਾਂ ਦੇ ਦਰਸ਼ਨ ਸਭ ਤੋਂ ਪਹਿਲੀ ਵਾਰ ਦਾਈ ਦੌਲਤਾਂ ਨੂੰ ਨਸੀਬ ਹੋਏ ਸਨ। ਉਸ ਤੋਂ ਬਾਅਦ ਸਭ ਤੋਂ ਪਹਿਲੇ ਵਿਅਕਤੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੈਵੀ ਅਜ਼ਮਤ ਪਛਾਣਨ ਦਾ ਮੌਕਾ ਮਿਲਿਆ ਉਹ ਸਨ ਰਾਇ ਬੁਲਾਰ ਭੱਟੀ। ਉਨ੍ਹਾਂ ਨੇ ਆਪਣੀ ਅੱਧੀ ਜ਼ਮੀਨ 750 ਮੁਰੱਬੇ (18750 ਕਿਲੇ) ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਨਾਂ ਲਾ ਦਿੱਤੀ। ਉਨ੍ਹਾਂ ਦੀ 19ਵੀਂ ਪੀੜ੍ਹੀ ’ਚੋਂ ਰਾਏ ਬਿਲਾਲ ਅਕਰਮ ਭੱਟੀ ਪਰਿਵਾਰ ਸਮੇਤ ਬੀਤੇ ਦਿਨੀਂ ਆਪਣੇ ਅਮਰੀਕਾ ਦੇ ਦੌਰੇ ’ਤੇ ਓਹਾਈਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਅਤੇ ਡੇਟਨ ਪੁੱਜੇ ਜਿੱਥੇ ਸਿੱਖ ਭਾਈਚਾਰੇ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਬੀਤੇ ਦਿਨ ਉਹ ਸਿੱਖ ਸੁਸਾਇਟੀ ਆਫ ਡੇਟਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੰਗਤ ਨਾਲ ਆਪਣੇ ਪਰਿਵਾਰ ਦੇ ਗੁਰੂ ਜੀ ਨਾਲ ਸਬੰਧਾਂ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਵਡੇਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਸਰੂਪ ਨੂੰ ਪਛਾਣਿਆ ਸੀ। ਉਨ੍ਹਾਂ ਨੇ ਸੰਗਤ ਨੂੰ ਆਪਣੇ ਬੱਚਿਆਂ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਅੱਜ ਦੀ ਨੌਜੁਆਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਓਹਾਇਓ ਤੋਂ ਸੰਗਤਾਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪੁੱਜਣਗੀਆਂ। ਉਨ੍ਹਾਂ ਨੇ ਪਰਿਵਾਰ ਸਮੇਤ ਡੇਟਨ ਦਾ ਵਿਸ਼ਵ ਪ੍ਰਸਿੱਧ ਨੈਸ਼ਨਲ ਮਿਊਜ਼ੀਅਮ ਆਫ ਦਿ ਯੂਨਾਇਟਿਡ ਸਟੇਟ ਏਅਰ ਫੋਰਸ ਵੇਖਿਆ।
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਰਸ਼ਨ ਸਿੰਘ ਤੇ ਭਾਈ ਹੇਮ ਸਿੰਘ ਅਤੇ ਬੱਚਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਮੌਕੇ ਪਾਕਿਸਤਾਨ ਵਿੱਚ ਸ਼ਾਹਮੁਖੀ ਵਿੱਚ ਛਪੀ ਪੁਸਤਕ ‘ਗੁਰੂ ਨਾਨਕ ਸਾਹਿਬ-ਜੀਵਨ ਅਤੇ ਫ਼ਿਲਾਸਫ਼ੀ’ ਲੇਖਕ ਡਾ. ਕਲਿਆਣ ਸਿੰਘ ਕਲਿਆਣ, ਡਾ. ਅਜੀਤ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਤਵੰਤ ਕੌਰ ਸੰਗਤ ਵਿੱਚ ਰਿਲੀਜ਼ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟੀ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਪਰਕ: 19375739812

ਈ ਦੀਵਾਨ ਸੁਸਾਇਟੀ ਕੈਲਗਰੀ ਨੇ ਕਵੀ ਦਰਬਾਰ ਕਰਵਾਇਆ

ਰਾਏ ਬਿਲਾਲ ਅਕਰਮ ਭੱਟੀ ਦਾ ਸਨਮਾਨ ਕਰਦੇ ਹੋਏ ਪਤਵੰਤੇ

ਕੈਲਗਰੀ : ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕੀਤਾ ਗਿਆ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਸਭ ਤੋਂ ਪਹਿਲਾਂ ਡਾਕਟਰ ਬਲਰਾਜ ਸਿੰਘ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਜਸਪ੍ਰੀਤ ਕੌਰ ਨੋਇਡਾ ਨੇ ਗੀਤ ‘ਰਾਵੀ ਦਿਆ ਪਾਣੀਆ ਤੂੰ ਠੋਕਰਾਂ ਨਾ ਮਾਰ ਵੇ’ ਤਰੰਨੁਮ ਵਿੱਚ ਗਾ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਲਿਖੀ ਕਵਿਤਾ ‘ਹਾਅ ਦਾ ਨਾਅਰਾ’ ਸੁਣਾਈ। ਅਮਲੋਹ ਤੋਂ ਕਵੀ ਗੁਰਪ੍ਰੀਤ ਸਿੰਘ ਵੜੇਚ ਨੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਰਚਨਾ ਕਲੀ ਛੰਦ ਵਿੱਚ ਸੁਣਾਈ। ਪਟਿਆਲਾ ਤੋਂ ਛੰਦਾਬੰਦੀ ਦੇ ਮਾਹਰ ਸ. ਕੁਲਵੰਤ ਸਿੰਘ ਸੇਦੋਕੇ ਨੇ ‘ਸਾਨੂੰ ਅਜੇ ਵੀ ਨਹੀਂ ਭੁੱਲੀ ਜੂਨ ਉੱਨੀ ਸੌ ਚੁਰਾਸੀ’ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਜਲੰਧਰ ਤੋਂ ਕੁਲਵਿੰਦਰ ਸਿੰਘ ਗਾਖਲ ਨੇ ਗੀਤ ‘ਭੁੱਲ ਨਾ ਕੁਰਬਾਨੀ ਜਾਇਓ, ਭਾਨੀ ਦੇ ਲਾਲ ਦੀ’ ਤਰੰਨੁਮ ਵਿੱਚ ਗਾ ਕੇ ਸੁਣਾਇਆ। ਜਲੰਧਰ ਤੋਂ ਹੀ ਉਸਤਾਦ ਕਵੀਸ਼ਰ ਇੰਜੀ. ਕਰਮਜੀਤ ਸਿੰਘ ਨੂਰ ਨੇ ਸਟੇਜੀ ਅੰਦਾਜ਼ ਵਿੱਚ ਜੂਨ 1984 ਦੇ ਘੱਲੂਘਾਰੇ ਦਾ ਕਾਵਿ ਮਈ ਸ਼ਬਦਾਂ ਵਿੱਚ ਬਿਆਨ ਕੀਤਾ। ਮਸਕਟ ਤੋਂ ਬਲਕਾਰ ਸਿੰਘ ਬੱਲ ਨੇ ਕੁਲਵੰਤ ਸੇਦੋਕੇ ਦਾ ਲਿਖਿਆ ਗੀਤ ‘ਤੇਰਾ ਕੀਆ ਮਿੱਠਾ ਮੁੱਖੋਂ ਰਹੇ ਨੇ ਬੋਲ ਜੀ’ ਗਾਇਆ। ਕੈਲਗਰੀ ਤੋਂ ਛੰਦਾ ਬੰਦੀ ਦੇ ਮਾਹਰ ਜਸਵੰਤ ਸਿੰਘ ਸੇਖੋਂ ਨੇ ਤੀਸਰੇ ਘੱਲੂਘਾਰੇ ਬਾਰੇ ਪੂਰਨ ਜਾਣਕਾਰੀ ਦਿੱਤੀ। ਕੈਲਗਰੀ ਤੋਂ ਹਰਭਜਨ ਸਿੰਘ ਨੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ’ਤੇ ਕਵਿਤਾ ਸੁਣਾ ਕੇ ਹਾਜ਼ਰੀ ਲਗਾਈ। ਕੈਲਗਰੀ ਤੋਂ ਹੀ ਜਸਵਿੰਦਰ ਸਿੰਘ ਰੁਪਾਲ ਨੇ ਕੋਰੜਾ ਛੰਦ ਵਿੱਚ ਲਿਖੀ ਕਵਿਤਾ ‘ਭਾਣੇ ਵਿੱਚ ਜੀਂਦੇ ਪੰਜਵੇਂ ਦਾਤਾਰ ਜੀ’ ਗਾ ਕੇ ਸੁਣਾਈ। ਟੋਰਾਂਟੋ ਦੇ ਕਵੀ ਸੁਜਾਨ ਸਿੰਘ ਸੁਜਾਨ ਨੇ ਗੀਤ ‘ਚੰਦੂਆ ਵੇ ਦੱਸ ਕੀ ਬਕਾਇਆ ਤੇਰਾ ਰਹਿ ਗਿਆ’ ਗਾ ਕੇ ਸੁਣਾਇਆ। ਡਾ. ਬਲਰਾਜ ਸਿੰਘ ਨੇ ਹਾਜ਼ਰ ਕਵੀਆਂ ਦਾ ਧੰਨਵਾਦ ਕਰਦਿਆਂ ਕਵੀ ਸਾਹਿਬਾਨ ਨੂੰ ਸੁਸਾਇਟੀ ਦੇ ਮਾਸਿਕ ਮੈਗਜ਼ੀਨ ‘ਸਾਂਝੀ ਵਿਰਾਸਤ’ ਲਈ ਆਪਣੀਆਂ ਕਵਿਤਾਵਾਂ ਭੇਜਣ ਦਾ ਸੱਦਾ ਦਿੱਤਾ।
ਸੰਪਰਕ: +1 403 465 1586

Advertisement
Author Image

joginder kumar

View all posts

Advertisement
Advertisement
×