‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਦਾ ਕੈਲੰਡਰ ਜਾਰੀ
ਮਨੋਜ ਸ਼ਰਮਾ
ਬਠਿੰਡਾ, 9 ਮਾਰਚ
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੇ ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਨੂੰ ਸਮਰਪਿਤ 2025 ਦਾ ਵਿਸ਼ੇਸ਼ ਕੈਲੰਡਰ ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਏਡੀਸੀ (ਜਨਰਲ) ਅਤੇ ਐਸਡੀਐਮ ਰਾਮਪੁਰਾ ਫੂਲ ਗਗਨਦੀਪ ਸਿੰਘ ਦੀ ਸਾਂਝੀ ਅਗਵਾਈ ਹੇਠ ਜਾਰੀ ਕੀਤਾ ਗਿਆ। ਇਸ ਕੈਲੰਡਰ ਦੀ ਮੁੱਖ ਵਿਸ਼ੇਸਤਾ ਇਹ ਰਹੀ ਕਿ ਇਸ ਵਿੱਚ ਅੰਤਰਰਾਸ਼ਟਰੀ ਐਵਾਰਡ ਜੇਤੂ ਬਾਲ ਸਾਹਿਤਕਾਰਾਂ ਦੀਆਂ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਨਵੀਂ ਪੀੜ੍ਹੀ ਨੂੰ ਕਿਤਾਬਾਂ ਵੱਲ ਪ੍ਰੇਰਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਸਮਾਗਮ ਦੌਰਾਨ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਾਜਕ, ਮੀਡੀਆ ਕੋਆਰਡੀਨੇਟਰ ਬੂਟਾ ਸਿੰਘ ਮਾਨ, ਜਗਸੀਰ ਸਿੰਘ ਢੱਡੇ, ਮਨਪ੍ਰੀਤ ਕੌਰ ਸਮੇਤ 'ਨਵੀਆਂ ਕਲਮਾਂ ਨਵੀਂ ਉਡਾਣ' ਬਠਿੰਡਾ-2 ਟੀਮ ਦੇ ਮੈਂਬਰ ਹਾਜ਼ਰ ਸਨ। ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਦੁਨੀਆ ਭਰ ਤੋਂ 3500 ਤੋਂ ਵੱਧ ਬੱਚੇ ਜੁੜੇ ਹੋਏ ਹਨ ਅਤੇ ਹੁਣ ਤੱਕ 45 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਆਸ ਜਤਾਈ ਕਿ ਇਹ ਯਤਨ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਨ੍ਹਾਂ ਨੂੰ ਪੜ੍ਹਨ ਅਤੇ ਲਿਖਣ ਵੱਲ ਉਤਸ਼ਾਹਿਤ ਕਰੇਗਾ।