For the best experience, open
https://m.punjabitribuneonline.com
on your mobile browser.
Advertisement

ਕੈਬਨਿਟ ਸਬ-ਕਮੇਟੀ ਦੀ ਮੁਲਾਜ਼ਮ ਆਗੂਆਂ ਨਾਲ ਮੀਟਿੰਗ

08:21 AM Mar 15, 2024 IST
ਕੈਬਨਿਟ ਸਬ ਕਮੇਟੀ ਦੀ ਮੁਲਾਜ਼ਮ ਆਗੂਆਂ ਨਾਲ ਮੀਟਿੰਗ
ਚੰਡੀਗੜ੍ਹ ’ਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਯੂਨੀਅਨਾਂ ਦੇ ਮੈਂਬਰਾਂ ਨਾਲ ਮੀਟਿੰਗ ਕਰਦੇ ਹੋਏ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਾਰਚ
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ ਨੇ ਅੱਜ ਸਿੱਖਿਆ, ਮਾਲ ਅਤੇ ਸਹਿਕਾਰਤਾ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਸਰਵ ਸਿੱਖਿਆ ਅਭਿਆਨ ਤੇ ਮਿਡ-ਡੇਅ ਮੀਲ ਆਫਿਸ ਐਂਪਲਾਈਜ਼ ਯੂਨੀਅਨ, ਪੰਜਾਬ ਨੰਬਰਦਾਰ ਯੂਨੀਅਨ, ਲੈਂਡ ਮਾਰਗੇਜ਼ ਬੈਂਕ ਐਂਪਲਾਈਜ਼ ਯੂਨੀਅਨ, ਮਿਡ-ਡੇਅ ਮੀਲ ਅਤੇ ਸਫਾਈ ਵਰਕਰਜ਼ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਸਾਂਝਾ ਮੋਰਚਾ, ਅਨਏਡਿਡ ਸਟਾਫ਼ ਫਰੰਟ ਅਤੇ ਪੰਜਾਬ ਤਨਖਾਹ ਸਕੇਲ ਬਹਾਲੀ ਸਾਂਝੇ ਫਰੰਟ ਦੇ ਮੈਂਬਰਾਂ ਨੇ ਸਬ ਕਮੇਟੀ ਅੱਗੇ ਆਪਣੀਆਂ ਮੰਗਾਂ ਰੱਖੀਆਂ। ਇਸ ਮੌਕੇ ਇਨ੍ਹਾਂ ਯੂਨੀਅਨਾਂ ਦੇ ਆਗੂਆਂ ਵੱਲੋਂ ਦਿੱਤੇ ਮੰਗ ਪੱਤਰਾਂ ਵਿੱਚ ਦਰਜ ਮੁੱਦਿਆਂ ’ਤੇ ਚਰਚਾ ਹੋਈ। ਕੈਬਨਿਟ ਸਬ ਕਮੇਟੀ ਨੇ ਅਧਿਕਾਰੀਆਂ ਨੂੰ ਮੰਗਾਂ ਦਾ ਹੱਲ ਲੱਭਣ ਦੇ ਨਿਰਦੇਸ਼ ਦਿੱਤੇ। ਸਬ ਕਮੇਟੀ ਨੇ ਯੂਨੀਅਨ ਆਗੂਆਂ ਵੱਲੋਂ ਕੁਝ ਮੁੱਦਿਆਂ ਦੇ ਸਾਰਥਕ ਹੱਲ ਲਈ ਸੁਝਾਅ ਮੰਗੇ। ਸਬ-ਕਮੇਟੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਕਈ ਮਸਲਿਆਂ ਨੂੰ ਹੱਲ ਕਰ ਲਿਆ ਹੈ ਅਤੇ ਬਾਕੀ ਮਸਲਿਆਂ ਨੂੰ ਜਲਦੀ ਹੱਲ ਕਰਨ ਲਈ ਯਤਨਸ਼ੀਲ ਹੈ।

Advertisement

ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੀ ਸਬ-ਕਮੇਟੀ ਨਾਲ ਮੀਟਿੰਗ ਬੇਸਿੱਟਾ

ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੀ ਮੁਲਾਜ਼ਮ ਮਸਲਿਆਂ ਸਬੰਧੀ ਕੈਬਨਿਟ ਸਬ-ਕਮੇਟੀ ਨਾਲ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਚ ਮੀਟਿੰਗ ਬੇਸਿੱਟਾ ਰਹੀ। ਫਰੰਟ ਦੇ ਆਗੂਆਂ ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਫਰੰਟ ਦੀਆਂ ਮੰਗਾਂ ਬਾਰੇ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਫਰੰਟ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ 17 ਜੁਲਾਈ 2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਸਮੂਹ ਮੁਲਾਜ਼ਮਾਂ ਉਤੇ ਪੰਜਾਬ ਦਾ ਤਨਖਾਹ ਸਕੇਲ ਬਹਾਲ ਕਰਵਾਉਣ, ਪਰਖ਼ਕਾਲ ਦਾ ਸਮਾਂ ਇੱਕ ਸਾਲ ਕਰਵਾਉਣ ਆਦਿ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਾਰਟੀ ਨੇ ਉਨ੍ਹਾਂ ਦੇ ਧਰਨਿਆਂ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਸਮੂਹ ਮੁਲਾਜ਼ਮਾਂ ਉਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣਗੇ। ਹੁਣ ਸਰਕਾਰ ਬਣੀ ਨੂੰ ਵੀ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਹਾਲੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ।

Advertisement
Author Image

sukhwinder singh

View all posts

Advertisement
Advertisement
×