ਕੈਬਨਿਟ ਮੰਤਰੀ ਕਾਫ਼ਲੇ ਲੈ ਕੇ ਅੰਮ੍ਰਿਤਸਰ ਪੁੱਜੇ
ਐੱਨਪੀ.ਧਵਨ
ਪਠਾਨਕੋਟ, 13 ਸਤੰਬਰ
ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਕੀਤੀ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਰੈਲੀ ਵਿੱਚ ਹਿੱਸਾ ਲੈਣ ਲਈ ਜ਼ਿਲ੍ਹਾ ਪਠਾਨਕੋਟ ਤੋਂ 65 ਬੱਸਾਂ ਦਾ ਕਾਫਲਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਵਾਨਾ ਕੀਤਾ। ਜਦ ਕਿ ਉਹ ਖੁਦ ਅਤੇ ਹੋਰ ਆਗੂ ਕਾਰਾਂ ਰਾਹੀਂ ਉਕਤ ਰੈਲੀ ਨੂੰ ਰਵਾਨਾ ਹੋਏ। ਰੈਲੀ ਲਈ ਜਾਣ ਵਾਲਿਆਂ ਵਿੱਚ ਪਵਨ ਕੁਮਾਰ ਬਲਾਕ ਪ੍ਰਧਾਨ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਸਤੀਸ਼ ਮਹਿੰਦਰੂ ਚੇਅਰਮੈਨ ਹਿੰਦੂ ਕੋਆਪਰੇਟਿਵ ਬੈਂਕ, ਐਡਵੋਕੇਟ ਰਮੇਸ਼ ਕੁਮਾਰ, ਰਜਿੰਦਰ ਸਿੰਘ ਸਰਪੰਚ ਬਨੀ ਲੋਧੀ, ਅਭਿਸ਼ੇਕ ਨੰਦੂ ਸਰਪੰਚ ਸੁੰਦਰਚੱਕ ਸ਼ਾਮਲ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਨੀਤੀ ਲਈ ਇਸ ਸਾਲ ਵਾਧੂ ਬਜਟ ਰੱਖਿਆ ਗਿਆ ਹੈ।
ਅਜਨਾਲਾ (ਸੁਖਦੇਵ ਸਿੰਘ): ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਆਮਦ ਮੌਕੇ ਕੀਤੀ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡਾਂ ਅਤੇ ਕਸਬਿਆਂ ਵਿੱਚੋਂ ਬੱਸਾਂ, ਕਾਰਾਂ ਰਾਹੀ ਲੋਕਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਲੋਕ ਹਿੱਤੂ ਨੀਤੀਆਂ ਕਾਰਨ ਲੋਕਾਂ ਅੰਦਰ ਰੈਲੀ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਬੱਬੂ ਚੇਤਨਪੁਰਾ, ਗੁਰਜੰਟ ਸਿੰਘ ਸੋਹੀ, ਜਸਪਿੰਦਰ ਸਿੰਘ ਛੀਨਾਂ ਨੇ ਸ਼ਮੂਲੀਅਤ ਕੀਤੀ।
ਬੱਸਾਂ,ਕਾਰਾਂ ਅਤੇ ਹੋਰ ਵਾਹਨਾਂ ’ਤੇ ‘ਆਪ’ ਵਾਲੰਟੀਅਰ ਅੰਮ੍ਰਿਤਸਰ ਪੁੱਜੇ
ਬਟਾਲਾ (ਦਲਬੀਰ ਸੱਖਵਾਲੀਆ): ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਟਾਲਾ ਹਲਕੇ ਦੇ ਵਾਲੰਟੀਅਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਜੋ ਨੇੜਲੇ ਭਵਿੱਖ ’ਚ ਸਿੱਖਿਆ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਹਲਕਾ ਬਟਾਲਾ ਤੋਂ 40 ਬੱਸਾਂ ਅਤੇ 150 ਕਾਰਾਂ ਦਾ ਕਾਫਲਾ ਗਿਆ। ਬਟਾਲਾ ਤੋਂ ਕਾਫਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਅਤੇ ਅੰਮ੍ਰਿਤ ਕਲਸੀ ਦੀ ਅਗਵਾਈ ਹੇਠ ਰਵਾਨਾ ਹੋਇਆ। ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਪਹੁੰਚੇ ਵਲੰਟੀਅਰਾਂ, ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹਲਕੇ ਦੇ ਚਹੁੰਮੁਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਹਲਕੇ ਨੂੰ ਸੂਬੇ ਦਾ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।