ਕੈਬਨਿਟ ਮੰਤਰੀ ਕਟਾਰੂਚੱਕ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਪੱਤਰ ਪ੍ਰੇਰਕ
ਪਠਾਨਕੋਟ, 1 ਸਤੰਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਿੰਡ ਕਟਾਰੂਚੱਕ ਵਿੱਚ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸੰਦੀਪ ਕੁਮਾਰ ਤੇ ਸੂਬੇਦਾਰ ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਸੈਲ ਨਰੇਸ਼ ਕੁਮਾਰ ਅਤੇ ਹੋਰ ਪਾਰਟੀ ਵਾਲੰਟੀਅਰ ਹਾਜ਼ਰ ਸਨ। ਪਿੰਡ ਬੇਗੋਵਾਲ ਤੋਂ ਆਏ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਪਿੰਡ ਵਿੱਚ ਵਾਟਰ ਸਪਲਾਈ ਦੀ ਪਾਈਪ ਬਹੁਤ ਪੁਰਾਣੀ ਹੋਣ ਕਰਕੇ ਕੰਡਮ ਹੋ ਚੁੱਕੀ ਹੈ ਤੇ ਜੰਗਾਲੀ ਜਾ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਗੰਦਾ ਪਾਣੀ ਆਉਂਦਾ ਹੈ ਜੋ ਕਿ ਪੀਣ ਯੋਗ ਨਹੀਂ ਹੈ। ਮੰਤਰੀ ਨੇ ਤੁਰੰਤ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਨਿਰਦੇਸ਼ ਦਿੱਤਾ ਕਿ ਪਿੰਡ ਅੰਦਰਲੀ ਵਾਟਰ ਸਪਲਾਈ ਪਾਈਪ ਲਾਈਨ ਤਬਦੀਲ ਕਰਕੇ ਨਵੀਂ ਵਿਛਾਈ ਜਾਵੇ। ਉਨ੍ਹਾਂ ਹੋਰ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਉਪਰ ਹੱਲ ਕੀਤਾ। ਜ਼ਿਲ੍ਹਾ ਗੁਰਦਾਸਪੁਰ ਤੋਂ ਡਿਪੂ ਹੋਲਡਰਾਂ ਦੇ ਵਫਦ ਨੇ ਜਿਲ੍ਹਾ ਪ੍ਰਧਾਨ ਮੋਹਣ ਸਿੰਘ ਭਾਗੋਕਾਵਾਂ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਡੀਪੂ ਹੋਲਡਰਾਂ ਦੀ ਬਕਾਇਆ 103 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨ ਤੇ ਮੰਤਰੀ ਦਾ ਧੰਨਵਾਦ ਕੀਤਾ।