ਕੈਬਨਿਟ ਮੰਤਰੀ ਵੱਲੋਂ ਸੌ ਫੀਸਦੀ ਪ੍ਰਾਪਰਟੀ ਟੈਕਸ ਇਕੱਤਰ ਕਰਨ ’ਤੇ ਜ਼ੋਰ
ਪਾਲ ਸਿੰਘ ਨੌਲੀ
ਜਲੰਧਰ, 16 ਜੁਲਾਈ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਜਿੱਥੇ ਇਨ੍ਹਾਂ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਉੱਥੇ ਉਨ੍ਹਾਂ ਨੇ 100 ਫੀਸਦੀ ਪਾਪ੍ਰਟੀ ਟੈਕਸ ਉਗਰਹਾਉਣ ’ਤੇ ਜ਼ੋਰ ਦਿੱਤਾ।
ਨਗਰ ਨਿਗਮ ਦਫ਼ਤਰ ਵਿੱਚ ਵਿਧਾਇਕ ਰਮਨ ਅਰੋੜਾ ਤੇ ਮਹਿੰਦਰ ਭਗਤ, ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੌ ਫੀਸਦੀ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਜਾਵੇ ਅਤੇ ਇਸ ਕੰਮ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਪਹਿਲੀ ਅਗਸਤ ਤੱਕ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ। ਸਥਾਨਕ ਸਰਕਾਰਾਂ ਮੰਤਰੀ ਨੇ ਮੌਨਸੂਨ ਸੀਜ਼ਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ, ਸੀਵਰੇਜ ਦੀ ਸਫਾਈ, ਮੱਛਰ-ਮੱਖੀ ਦੀ ਰੋਕਥਾਮ ਲਈ ਦਵਾਈਆਂ ਆਦਿ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਸੀਵਰੇਜ ਜਾਮ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਚਾਲੂ ਕਰਨ ਲਈ ਲੋੜੀਂਦੀ ਮਸ਼ੀਨਰੀ ਸਮੇਤ ਹੋਰ ਇੰਤਜ਼ਾਮ ਪਹਿਲਾਂ ਹੀ ਕੀਤੇ ਜਾਣੇ ਚਾਹੀਦੇ ਹਨ। ਬਰਸਾਤ ਦੌਰਾਨ ਮੀਂਹ ਦੇ ਪਾਣੀ ਦੀ ਮੁਕੰਮਲ ਨਿਕਾਸੀ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸ਼ਹਿਰ ਚੱਲ ਰਹੇ 8 ਸੀਵਰੇਜ ਟ੍ਰੀਟਮੈਂਟ ਪਲਾਂਟਾ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ
ਪਿਮਸ ਰੋਡ, ਜਮਸ਼ੇਰ ਰੋਡ ਸਮੇਤ ਸ਼ਹਿਰ ਦੀਆਂ ਹੋਰ ਸੜਕਾਂ ਦੇ ਨਿਰਮਾਣ, ਡਾ. ਬੀ.ਆਰ.ਅੰਬੇਡਕਰ ਪਾਰਕ ਬੂਟਾ ਮੰਡੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਸਮੇਤ ਹੋਰ ਕੰਮਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਸੀਨੀਅਰ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਵਧੀਕ ਕਮਿਸ਼ਨਰ ਨਗਰ ਨਿਗਮ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਵੀ ਮੌਜੂਦ ਸਨ।