ਕੈਬਨਿਟ ਮੰਤਰੀ ਈਟੀਓ ਵੱਲੋਂ ਜੰਡਿਆਲਾ ਵਾਸੀਆਂ ਨੂੰ ਤੋਹਫਾ
ਸਿਮਰਤ ਪਾਲ ਬੇਦੀ
ਜੰਡਿਆਲਾ ਗੁਰੂ, 14 ਜਨਵਰੀ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਜੰਡਿਆਲਾ ਗੁਰੂ ਵਾਸੀਆਂ ਨੂੰ ਤੋਹਫਾ ਦਿੰਦਿਆਂ ਚਾਰ ਪੁਲਾਂ ਦੀ ਮੁੜ ਉਸਾਰੀ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪੁਲਾਂ ’ਤੇ ਕਰੀਬ 15 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਨ੍ਹਾਂ ਪੁਲਾਂ ਦੀ ਮੁੜ ਉਸਾਰੀ ਨਾਲ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ’ਤੇ ਜਾਣ ਲਈ ਛੋਟੇ ਰੂਟ ਮਿਲਣਗੇ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬੱਚਤ ਹੋਵੇਗੀ। ਇਸ ਮੌਕੇ ਲੋਕ ਨਿਰਮਾਣ ਮੰਤਰੀ ਨੇ ਦੱਸਿਆ 291.77 ਲੱਖ ਰੁਪਏ ਦੀ ਲਾਗਤ ਨਾਲ ਮਹਿਤੇ ਦੀ ਸੜਕ ਚੌੜੀ ਹੋਣ ਕਰਕੇ ਇਸ ਸੜਕ ਉਪਰ ਪੈਂਦੇ ਖਿਲਚੀਆਂ ਨਾਲੇ ਦੀ ਮੁੜ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਇਹ ਪੁਲ ਆਵਾਜਾਈ ਲਈ ਕਾਫ਼ੀ ਤੰਗ ਹੋ ਗਿਆ ਸੀ ਅਤੇ ਪੁਰਾਣਾ ਹੋ ਚੁੱਕਾ ਸੀ ਜੋ ਕਿ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਹੀ ਨਵਾਂ ਪਿੰਡ ਸੜਕ ਚੌੜੀ ਹੋਣ ਕਰਕੇ 561.85 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਪਿੰਡ ਦੀ ਸੜਕ ਉਪਰ ਪੈਂਦੇ ਕਸੂਰ ਨਾਲੇ ਦੀ ਮੁੜ ਉਸਾਰੀ, ਗੱਗੜਭਾਣਾ ਦੀ ਸੜਕ ਚੌੜੀ ਹੋਣ ਕਰਕੇ 358.11 ਲੱਖ ਰੁਪਏ ਦੀ ਲਾਗਤ ਨਾਲ ਸਭਰਾਵਾਂ ਨਹਿਰ ਦਾ ਪੁਲ ਦੀ ਮੁੜ ਉਸਾਰੀ ਅਤੇ ਬੁਟਰ ਦੀ ਸੜਕ ਚੌੜੀ ਹੋਣ ਕਰਕੇ 259.88 ਲੱਖ ਰੁਪਏ ਦੀ ਲਾਗਤ ਨਾਲ ਧਰਦਿਓ ਨਾਲੇ ਦੀ ਮੁੜ ਉਸਾਰੀ ਕੀਤੀ ਜਾਵੇਗੀ। ਈਟੀਓ ਨੇ ਕਿਹਾ ਇਹ ਚਾਰਾਂ ਪੁਲਾਂ ਦੀ ਚੌੜਾਈ 20 ਫੁੱਟ ਤੋਂ ਵਧਾ ਕੇ 40 ਫੁੱਟ ਤੱਕ ਕੀਤੀ ਜਾਵੇਗੀ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਨ੍ਹਾਂ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਨ ਲਈ 12 ਮਹੀਨਿਆਂ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਸਬੰਧਤ ਅਧਿਕਾਰਿਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ। ਹਰਭਜਨ ਸਿੰਘ ਈਟੀਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਲ ਰਹੇ ਵਿਕਾਸ ਕਾਰਜਾਂ ਦਾ ਆਪ ਵੀ ਧਿਆਨ ਰੱਖਣ। ਉਨ੍ਹਾਂ ਕਿਹਾ ਪਹਿਲੀਆਂ ਸਰਕਾਰਾਂ ਨੇ ਜੰਡਿਆਲੇ ਹਲਕੇ ਨੂੰ ਵਿਕਾਸ ਪੱਖੋਂ ਅਣਗੌਲਿਆਂ ਰੱਖਿਆ ਅਤੇ ਇਸ ਹਲਕੇ ਦੀ ਸੜਕੀ ਆਵਾਜਾਈ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਰੰਧਾਵਾ, ਐਸਈਪੀਡਬਲਯੂਡੀ ਹਰਜੋਤ ਸਿੰਘ, ਐਕਸੀਐਨ ਸਿਮਰਨਜੋਤ ਸਿੰਘ ਗਿੱਲ, ਸਰਪੰਚ ਅਜੈ ਗਾਂਧੀ, ਸਰਪੰਚ ਦਯਿਆ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਗੋਲਡੀ, ਸਰਪੰਚ ਗੁਰਵੇਲ ਸਿੰਘ ਜਲਾਲ, ਸਰਪੰਚ ਜੋਬਨ ਸਿੰਘ ਕੁਹਾਟ ਵਿੰਡ, ਪਰਗਟ ਸਿੰਘ ਬੁਟਰ, ਬਲਜੀਤ ਸਿੰਘ ਉਦੋਨੰਗਲ, ਪ੍ਰਧਾਨ ਮਹਿਤਾ ਮੰਡੀ ਸੁਖਦੇਵ ਸਿੰਘ, ਸਰਪੰਚ ਸੋਨੀ, ਬਲਾਕ ਪ੍ਰਧਾਨ ਗੁਰਜਿੰਦਰ ਤੇ ਜਰਮਨ ਸਿੰਘ, ਬੁਟਰ ਸਿੰਘ ਜਲਾਲ, ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।