ਕੈਬਨਿਟ ਮੰਤਰੀ ਈਟੀਓ ਵੱਲੋਂ ਨਵੀਆਂ ਚੁਣੀਆਂ ਪੰਚਾਇਤਾਂ ਦਾ ਸਨਮਾਨ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 20 ਅਕਤੂਬਰ
ਹਲਕਾ ਜੰਡਿਆਲਾ ਗੁਰੂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਈਟੀਓ ਨੇ ਕਿਹਾ ਸਰਕਾਰ ਕੋਲ ਫੰਡਾਂ ਦੀ ਕੋਈ ਕਮੀਂ ਨਹੀਂ ਹੈ। ਉਨ੍ਹਾਂ ਕਿਹਾ ਕਿ ਯੋਜਨਾਬੱਧ ਢੰਗ ਨਾਲ ਸਾਰੇ ਵਿਕਾਸ ਕਾਰਜ ਕੀਤੇ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਨੂੰ ਕਿਹਾ ਉਹ ਬਿਨਾਂ ਭੇਦਭਾਵ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਂਬੱਧ ਢੰਗ ਨਾਲ ਯੋਜਨਾਬੰਦੀ ਕਰਨ। ਉਨ੍ਹਾਂ ਹਲਕਾ ਜੰਡਿਆਲਾ ਗੁਰੂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਜੰਡ, ਪੱਲਾ, ਵਡਾਲਾ ਜੌਹਲ, ਸਫੀਪੁਰ, ਚੌਹਾਨ, ਧਾਰੜ ਦੇ ਪੰਚਾਂ ਤੇ ਸਰਪੰਚਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜੇਤੂ ਰਹੇ ਉਮੀਦਵਾਰਾਂ ਦੇ ਹੱਕ ਵਿੱਚ ‘ਆਪ’ ਵਰਕਰਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਚੋਣਾਂ ਤੋ ਬਾਅਦ ਸਕੂਨ ਵਾਲਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਾਂਝੀਆਂ ਸੱਥਾਂ ਵਿੱਚ ਬੈਠ ਕੇ ਯੋਜਨਾਬੱਧ ਢੰਗ ਨਾਲ ਵਿਕਾਸ ਕਰਨ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ ਅਤੇ ਜਦੋਂ ਉਹ ਧੰਨਵਾਦੀ ਦੌਰੇ ’ਤੇ ਪਿੰਡਾਂ ਵਿੱਚ ਜਾਣਗੇ ਤਾਂ ਉਸ ਸਮੇਂ ਇਸ ਬਾਰੇ ਪਿੰਡ ਦੇ ਸਰਬਸਾਂਝੇ ਹਿੱਤ ਵਿੱਚ ਫੈਸਲੇ ਲਏ ਜਾਣ। ਉਨ੍ਹਾਂ ਕਿਹਾ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਮੁੱਖ ਏਜੰਡਾ ਵੈਰ-ਵਿਰੋਧ ਨੂੰ ਤਿਆਗ ਕੇ ਪਿੰਡਾਂ ਵਿੱਚ ਸਦਭਾਵਨਾ ਕਾਇਮ ਰੱਖਣਾ, ਖੇਡ ਮੈਦਾਨਾਂ ਵਿੱਚ ਰੌਣਕਾਂ, ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ, ਸਿਹਤ ਸਹੂਲਤਾਂ ਲੋਕਾਂ ਦੇ ਘਰਾਂ ਨੇੜੇ ਉਪਲੱਬਧ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਹੁਣ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ।
ਧਾਲੀਵਾਲ ਵੱਲੋਂ ਨਵੇਂ ਚੁਣੇ ਸਰਪੰਚ-ਪੰਚ ਸਨਮਾਨਿਤ
ਅਜਨਾਲਾ (ਸੁਖਦੇਵ ਸਿੰੰਘ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਬਣੀਆਂ 155 ਪੰਚਾਇਤਾਂ ਦੇ ਪੰਚਾਂ ਤੇ ਸਰਪੰਚਾਂ ਦੇ ਮਾਣ-ਸਨਮਾਨ ਵਿੱਚ ਕਰਵਾਏ ਸਨਮਾਨ ਸਮਾਗਮ ਮੌਕੇ ਨਵੇਂ ਬਣੇ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿਛਲੇ ਕਰੀਬ ਢਾਈ ਸਾਲਾਂ ਵਿੱਚ 325 ਕਰੋੜ ਰੁਪਏ ਅਜਨਾਲਾ ਹਲਕੇ ਦੇ ਵਿਕਾਸ ਉੱਤੇ ਖ਼ਰਚ ਕੀਤੇ ਹਨ ਅਤੇ ਸੜਕਾਂ ਬਣਾਉਣ ਲਈ ਅਜਨਾਲਾ ਹਲਕੇ ਨੂੰ 60 ਕਰੋੜ ਰੁਪਏ ਮਿਲੇ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਹੁਣ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ, ਪਿੰਡਾਂ ਦੀ ਦਿਸ਼ਾ ਅਤੇ ਦਸ਼ਾ ਸੰਵਾਰਨ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ ਅਤੇ ਪਾਣੀ ਬਚਾਉਣ ਦੇ ਉਪਰਾਲੇ ਪਿੰਡਾਂ ਵਿੱਚ ਕਰਨ। ਇਸ ਮੌਕੇ ਹਲਕਾ ਰਾਜਾ ਸਾਂਸੀ ਦੇ ਸੀਨੀਅਰ ਆਗੂ ਗੁਰਸ਼ਰਨ ਸਿੰਘ ਛੀਨਾ, ਚੇਅਰਮੈਨ ਅਸ਼ੋਕ ਤਲਵਾਰ ਤੇ ਤਲਬੀਰ ਸਿੰਘ ਗਿੱਲ ਸਨ।