ਕੈਬਨਿਟ ਮੰਤਰੀ ਧਾਲੀਵਾਲ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਅਜਨਾਲਾ (ਸੁਖਦੇਵ ਸਿੰਘ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਖਰੀਦ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦੇਵੇਗੀ ਅਤੇ 24 ਘੰਟੇ ਦੇ ਅੰਦਰ ਅੰਦਰ ਕਿਸਾਨਾਂ ਦੇ ਝੋਨੇ ਦੀ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪੀਣ ਵਾਲਾ ਪਾਣੀ, ਲਾਈਟਾਂ, ਪਖਾਨੇ, ਆਦਿ ਸਾਰੀਆਂ ਸਹੂਲਤਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਭਰ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈ ਰਹੇ ਹਨ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ, ਚੇਅਰਮੈਨ ਬਲਦੇਵ ਸਿੰਘ, ਪ੍ਰਧਾਨ ਅਮਿਤ ਔਲ, ਮਨਜੀਤ ਸਿੰਘ ਬਾਠ, ਸਾਬ ਸਿੰਘ ਸਕੱਤਰ ਅਤੇ ਕਾਬਲ ਸਿੰਘ ਹਾਜ਼ਰ ਸਨ।
ਦਾਣਾ ਮੰਡੀ ਘੋਹ ਵਿੱਚ ਝੋਨੇ ਦੀ ਆਮਦ ਸ਼ੁਰੂ
ਪਠਾਨਕੋਟ (ਐੱਨਪੀ ਧਵਨ): ਅੱਜ ਤੋਂ ਝੋਨੇ ਦੀ ਫ਼ਸਲ ਦਾਣਾ ਮੰਡੀ ਘੋਹ ਵਿੱਚ ਆਉਣੀ ਸ਼ੁਰੂ ਹੋ ਗਈ। ਇਸ ਫਸਲ ਨੂੰ ਖਰੀਦਣ ਲਈ ਸਰਕਾਰ ਦੇ ਦੋ ਵਿਭਾਗ ਪਨਗਰੇਨ ਅਤੇ ਮਾਰਕਫੈੱਡ ਲਗਾਏ ਗਏ ਹਨ। ਅੱਜ ਪਹਿਲੇ ਦਿਨ ਦਾਣਾ ਮੰਡੀ ਘੋਹ ਵਿੱਚ ਪੁੱਜੀ 30 ਟਨ ਝੋਨੇ ਦੀ ਫ਼ਸਲ ਵਿੱਚੋਂ 20 ਟਨ ਪਨਗਰੇਨ ਵਿਭਾਗ ਵੱਲੋਂ ਖ਼ਰੀਦ ਕੀਤੀ ਗਈ। ਮਾਰਕੀਟ ਕਮੇਟੀ ਦੇ ਨਿਲਾਮੀ ਅਧਿਕਾਰੀ ਮਹੇਸ਼ ਸ਼ਰਮਾ ਨੇ ਦੱਸਿਆ ਕਿ ਦਾਣਾ ਮੰਡੀ ਘੋਹ ਵਿੱਚ ਫ਼ਸਲ ਦੀ ਖਰੀਦ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।