ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹੈਦਰਾਬਾਦ ਦਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਆਈਟੀ, ਇਨੋਵੇਸ਼ਨ ਤੇ ਟੈਕਨਾਲੋਜੀ-ਅਧਾਰਿਤ ਪੁਲੀਸਿੰਗ ਦੇ ਖੇਤਰ ਵਿੱਚ ਤੇਲੰਗਾਨਾ ਸੂਬੇ ਵੱਲੋਂ ਅਪਣਾਏ ਜਾ ਰਹੇ ਪ੍ਰਮੁੱਖ ਅਭਿਆਸਾਂ ਦੀ ਪੜਚੋਲ ਕਰਨ ਲਈ ਹੈਦਰਾਬਾਦ ਦਾ ਅਧਿਐਨ ਦੌਰਾ ਕੀਤਾ। ਇਸ ਦੌਰਾਨ ਅਮਨ ਅਰੋੜਾ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ ਵੀ ਹਾਜ਼ਰ ਸੀ। ਉਨ੍ਹਾਂ ਤੇਲੰਗਾਨਾ ਦੀ ਕੁਸ਼ਲ ਸੇਵਾ ਡਿਲਿਵਰੀ ਪ੍ਰਣਾਲੀ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕਰਨ ਲਈ ਸਿਟੀਜ਼ਨ ਸਰਵਿਸ ਡਿਲਿਵਰੀ ਸੈਂਟਰ ‘ਮੀਸੇਵਾ’ ਤੋਂ ਆਪਣਾ ਦੌਰਾ ਸ਼ੁਰੂ ਕੀਤਾ। ਅਮਨ ਅਰੋੜਾ ਨੇ ਤੇਲੰਗਾਨਾ ਸੂਬੇ ਦੀਆਂ ਆਈਟੀ ਪਹਿਲਕਦਮੀਆਂ, ਉੱਭਰਦੀਆਂ ਤਕਨੀਕਾਂ, ਡਾਟਾ ਸੈਂਟਰ ਦੇ ਸੰਚਾਲਨ ਤੇ ਏਆਈ/ਐੱਮਐੱਲ/ਬਲੌਕ ਚੇਨ, ਬਿੱਗ ਡਾਟਾ ਨੂੰ ਲਾਗੂ ਕਰਨ ਤੇ ਉਨ੍ਹਾਂ ਦੇ ਵਿਹਾਰਕ ਅਮਲਾਂ ਦੀ ਬਾਰੀਕੀ ਨਾਲ ਘੋਖ ਕੀਤੀ। ਉਨ੍ਹਾਂ ਨੇ ਤੇਲੰਗਾਨਾ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤੇਲੰਗਾਨਾ ਸਰਕਾਰ ਵੱਲੋਂ ਵਰਤੀਆਂ ਗਈਆਂ ਰਣਨੀਤੀਆਂ ਦੀ ਘੋਖ ਕੀਤੀ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਸਥਾਪਤ ਨੀਤੀਆਂ ਅਤੇ ਬੁਨਿਆਦੀ ਢਾਂਚੇ ਦਾ ਮੁਲਾਂਕਣ ਕੀਤਾ। ਉਨ੍ਹਾਂ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ। ਵਫ਼ਦ ਵਿੱਚ ਸੀਨੀਅਰ ਮੈਨੇਜਰ ਪ੍ਰਸ਼ਾਸਕੀ ਸੁਧਾਰ ਮਨੂਜ ਸਿਆਲ, ਜਨਰਲ ਮੈਨੇਜਰ ਵਿਨੇਸ਼ ਗੌਤਮ, ਜਨਰਲ ਮੈਨੇਜਰ ਚਰਨਜੀਤ ਸਿੰਘ, ਜੁਆਇੰਟ ਡਾਇਰੈਕਟਰ ਉਦਯੋਗ ਦੀਪਇੰਦਰ ਢਿੱਲੋਂ ਅਤੇ ਐੱਸਟੀਪੀਆਈ ਮੁਹਾਲੀ ਦੇ ਡਾਇਰੈਕਟਰ ਅਜੈ ਸ੍ਰੀਵਾਸਤਵਾ ਵੀ ਸ਼ਾਮਲ ਸਨ।