ਕੈਬਨਿਟ ਮੀਟਿੰਗ: ਨਾ ਕੋਈ ਐਲਾਨ ਹੋਇਆ, ਖੱਜਲ-ਖੁਆਰੀ ਵਾਧੇ ਦੀ
ਪੱਤਰ ਪ੍ਰੇਰਕ
ਮਾਨਸਾ, 11 ਜੂਨ
ਮਾਨਸਾ ਵਿੱਚ ਹੋਈ ਕੈਬਨਿਟ ਮੀਟਿੰਗ ਲੋਕਾਂ ਨੂੰ ਮਹਿੰਗੀ ਪਈ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਖ਼ਰਚਾ ਕੈਬਨਿਟ ਮੀਟਿੰਗ ‘ਤੇ ਕੀਤਾ ਗਿਆ ਹੈ, ਉਸ ਨਾਲ ਤਾਂ ਜ਼ਿਲ੍ਹੇ ਦੇ ਚਿਰਾਂ ਤੋਂ ਲਕਟਦੇ ਕਈ ਮਸਲਿਆਂ ਦਾ ਹੱਲ ਹੋ ਜਾਣਾ ਸੀ। ਇਸ ਨਾਲ ਸੈਂਕੜੇ ਸੰਘਰਸ਼ੀ ਆਗੂ ਕਹਿਰ ਦੀ ਧੁੱਪ ‘ਚ ਹੋਈ ਖਿੱਚ-ਧੂਹ ਅਤੇ ਖੱਜਲ-ਖੁਆਰੀ ਤੋਂ ਬਚੇ ਰਹਿੰਦੇ।
ਇਸ ਕੈਬਨਿਟ ਮੀਟਿੰਗ ਨੂੰ ਜਿਸ ਰੂਪ ‘ਚ ਸਰਕਾਰ ਵੱਲੋਂ ਉਭਾਰਿਆ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲਾਕੇ ਭਰ ਚ ‘ਪੰਜਾਬ ਸਰਕਾਰ, ਆਪ ਦੇ ਦੁਆਰ’ ਦੇ ਸੈਂਕੜੇ ਬੋਰਡ ਲਾ ਕੇ ਪ੍ਰਚਾਰ ਕੀਤਾ ਗਿਆ ਸੀ, ਸਰਕਾਰ ਨੇ ਉਸ ਦੀ ਖ਼ੁਦ ਹੀ ਫੂਕ ਕੱਢ ਕੇ ਰੱਖ ਦਿੱਤੀ ਹੈ।
ਅੱਜ ਸਾਰਾ ਦਿਨ ਮਾਨਸਾ ‘ਚ ਇਸ ਗੱਲ ਦੀ ਚਰਚਾ ਚੱਲਦੀ ਰਹੀ ਕਿ ਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਕੋਈ ਐਲਾਨ ਕੀਤਾ, ਨਾ ਹੀ ਲੋਕ ਪੱਖੀ ਜਥੇਬੰਦੀਆਂ ਦੇ ਦਰਦ ਨੂੰ ਸੁਣਿਆ ਗਿਆ।
ਵਾਇਸ ਆਫ ਮਾਨਸਾ ਦੇ ਬੁਲਾਰੇ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ ਜਿੰਨਾ ਪੈਸਾ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ‘ਤੇ ਵਹਾਇਆ ਹੈ, ਉਸ ਨਾਲ ਤਾਂ ਮਾਨਸਾ ਖੁਰਦ ਤੋਂ ਸ਼ਹਿਰ ਨੂੰ ਜਾਂਦੀ ਸੜਕ ਬਣ ਜਾਂਦੀ। ਇਸ ਦੇ ਨਾਲ ਹੀ ਚਿਰਾਂ ਤੋਂ ਲਕਟਦੀ 33 ਫੁੱਟੀ ਸੜਕ ਵੀ ਪੂਰੀ ਹੋ ਜਾਂਦੀ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਦਾ ਮਸਲਾ, ਸੀਵਰੇਜ ਦਾ ਮਸਲਾ, ਅੰਡਰਬ੍ਰਿੱਜ, ਓਵਰਬ੍ਰਿਜ ਅਤੇ ਹੋਰ ਮਹੱਤਵਪੂਰਨ ਮਸਲਿਆਂ ਨੂੰ ਵੀ ਹੱਲ ਕੀਤਾ ਜਾਣਾ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਨਸ਼ਾ ਦਾ ਮੁੱਦਾ ਪਿਛਲੇ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਰਿਹਾ, ਪਰ ਇਸ ‘ਤੇ ਮੁੱਖ ਮੰਤਰੀ ਨੇ ਭੋਰਾ ਭਰ ਵੀ ਉਂਗਲ ਨਾ ਧਰੀ।
ਲੋਕ ਕਲਾ ਮੰਚ ਮਾਨਸਾ ਦੇ ਪ੍ਰਧਾਨ ਬਿੱਟੂ ਮਾਨਸਾ, ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਮਾਨਸਾ ਨੇ ਦੇਸ਼ ਨੂੰ ਪ੍ਰੋ. ਔਲਖ ਵਰਗੇ ਮਹਾਨ ਨਾਟਕਕਾਰ ਦਿੱਤੇ, ਇਸ ਦੇ ਬਾਵਜੂਦ ਰੰਗਕਰਮੀਆਂ ਦੀ ਐਡੀਟੋਰੀਅਮ ਦੀ ਮੰਗ ਵੀ ਅਣਗੋਲੀ ਰਹੀ।
ਕਾਮਰੇਡ ਸੁਖਦਰਸ਼ਨ ਨੱਤ, ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮਾਨਸਾ ਵਿੱਚ ਮੈਡੀਕਲ ਕਾਲਜ, ਕੈਂਸਰ ਹਸਪਤਾਲ ਦੀ ਵੀ ਮੰਗ ਕੀਤੀ ਜਾ ਰਹੀ ਹੈ, ਉਸ ਲਈ ਵੀ ਮੁੱਖ ਮੰਤਰੀ ਨੇ ਕੋਈ ਹੁੰਗਾਰਾ ਨਹੀਂ ਭਰਿਆ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਭਰ ਤੋਂ ਆਈ ਸੂਬਾਈ ਜਥੇਬੰਦੀ ਦੀ ਮੀਟਿੰਗ ਨਹੀਂ ਲਈ, ਸਗੋਂ ਸਾਰਾ ਦਿਨ ਖੱਜਲ-ਖੁਆਰ ਕੀਤਾ ਗਿਆ।