ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਬਨਿਟ ਮੀਟਿੰਗ: ਪੀਸੀਐੱਸ ਅਫ਼ਸਰਾਂ ਦੀਆਂ 60 ਨਵੀਆਂ ਅਸਾਮੀਆਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ

08:50 AM Aug 29, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 28 ਅਗਸਤ
ਪੰਜਾਬ ਕੈਬਨਿਟ ਦੀ ਭਲਕੇ ਹੋ ਰਹੀ ਮੀਟਿੰਗ ਵਿਚ ਸੂਬੇ ’ਚ ਪੀਸੀਐੱਸ ਅਫ਼ਸਰਾਂ ਦੀਆਂ ਨਵੀਆਂ ਅਸਾਮੀਆਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਪੀਸੀਐੱਸ ਅਫ਼ਸਰਾਂ ਦੀਆਂ ਕਰੀਬ 60 ਨਵੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਜਾ ਰਹੀ ਹੈ, ਜਿਸ ਨੂੰ ਭਲਕੇ ਕੈਬਨਿਟ ਪ੍ਰਵਾਨਗੀ ਦੇਵੇਗੀ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਨਵੇਂ ਜ਼ਿਲ੍ਹੇ ਅਤੇ ਨਵੀਆਂ ਸਬ ਡਵੀਜ਼ਨਾਂ ਹੋਂਦ ਵਿੱਚ ਆਉਣ ਮਗਰੋਂ ਇਨ੍ਹਾਂ ਅਸਾਮੀਆਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਪੰਜਾਬ ਵਿੱਚ ਪਹਿਲਾਂ ਪੀਸੀਐੱਸ ਅਫ਼ਸਰਾਂ ਦੀਆਂ ਕੁੱਲ 310 ਅਸਾਮੀਆਂ ਹਨ ਅਤੇ ਨਵੀਆਂ ਅਸਾਮੀਆਂ ਦੀ ਪ੍ਰਵਾਨਗੀ ਮਗਰੋਂ ਇਹ ਗਿਣਤੀ 370 ਹੋ ਜਾਵੇਗੀ। ਪੰਜਾਬ ਸਰਕਾਰ ਕਈ ਵਰ੍ਹਿਆਂ ਮਗਰੋਂ ਪੀਸੀਐੱਸ ਅਧਿਕਾਰੀਆਂ ਦੀਆਂ ਨਵੀਆਂ ਅਸਾਮੀਆਂ ਦੀ ਰਚਨਾ ਕਰੇਗੀ।
ਸੂਬੇ ਵਿੱਚ ਇਸ ਵੇਲੇ ਪੀਸੀਐੱਸ ਅਫ਼ਸਰਾਂ ਦੀ ਕਾਫ਼ੀ ਕਮੀ ਹੈ ਅਤੇ ਕਈ ਅਧਿਕਾਰੀਆਂ ਕੋਲ ਦੋਹਰੇ ਚਾਰਜ ਹਨ, ਜਿਸ ਕਰਕੇ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।
ਨਵੇਂ ਜ਼ਿਲ੍ਹੇ ਮਾਲੇਰਕੋਟਲਾ ਦੀ ਸੈਸ਼ਨ ਅਦਾਲਤ ਲਈ 36 ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਣੀ ਹੈ। ਇਸੇ ਤਰ੍ਹਾਂ ਜੀਐੱਸਟੀ ਸਬੰਧੀ ਕਈ ਤਕਨੀਕੀ ਬਿੱਲਾਂ ਨੂੰ ਵੀ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ 14 ਅਗਸਤ ਨੂੰ ਕੈਬਨਿਟ ਮੀਟਿੰਗ ਹੋਈ ਸੀ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਰਕੇ ਸੈਸ਼ਨ ਤੋਂ ਪਹਿਲਾਂ ਭਲਕੇ ਹੋ ਰਹੀ ਇਹ ਕੈਬਨਿਟ ਮੀਟਿੰਗ ਕਾਫ਼ੀ ਅਹਿਮ ਦੱਸੀ ਜਾ ਰਹੀ ਹੈ। ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਮਾਮਲਿਆਂ ’ਤੇ ਚਰਚਾ ਹੋਣ ਅਤੇ ਨਵੇਂ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ।

Advertisement

ਪੰਜਾਬ ਸਰਕਾਰ ਨੇ ਯੂਟੀ ਪ੍ਰਸ਼ਾਸਨ ਲਈ ਦੋ ਪੈਨਲ ਭੇਜੇ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਨੇ ਯੂਟੀ ਪ੍ਰਸ਼ਾਸਨ ਲਈ ਡੈਪੂਟੇਸ਼ਨ ਵਾਸਤੇ ਆਪਣੇ ਆਈਏਐੱਸ ਅਧਿਕਾਰੀਆਂ ਦੇ ਦੋ ਪੈਨਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੇ ਹਨ। ਪੰਜਾਬ ਦੇ ਪਰਸੋਨਲ ਵਿਭਾਗ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਦੇ ਅਹੁਦੇ ਵਾਸਤੇ ਤਿੰਨ ਆਈਏਐੱਸ ਅਧਿਕਾਰੀਆਂ ਦਾ ਪੈਨਲ ਭੇਜਿਆ ਹੈ, ਜਿਸ ਵਿੱਚ ਆਈਏਐੱਸ ਅਧਿਕਾਰੀ ਅਮਿਤ ਕੁਮਾਰ, ਰਾਮਵੀਰ ਅਤੇ ਗਿਰੀਸ਼ ਦਿਆਲਨ ਦਾ ਨਾਮ ਸ਼ਾਮਲ ਹੈ। ਇਸੇ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਵਿੱਤ ਸਕੱਤਰ ਲਈ ਤਿੰਨ ਅਧਿਕਾਰੀਆਂ ਦੇ ਨਾਮ ਭੇਜੇ ਗਏ ਹਨ ਅਤੇ ਇਨ੍ਹਾਂ ਵਿੱਚ ਆਈਏਐੱਸ ਅਧਿਕਾਰੀ ਬਸੰਤ ਕੁਮਾਰ, ਦੀਪਰਵਾ ਲਾਕਰਾ ਅਤੇ ਦਲਜੀਤ ਸਿੰਘ ਮਾਂਗਟ ਦੇ ਨਾਮ ਸ਼ਾਮਲ ਹਨ।

Advertisement
Advertisement