ਸਾਹਿਤ ਸਭਾਵਾਂ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਦੀਆਂ ਪੰਜਾਬੀ ਸਭਾਵਾਂ ਵਿਚ ਕਵੀ ਸੁਰਜੀਤ ਪਾਤਰ ਦੇ ਅਚਾਨਕ ਦੇਹਾਂਤ ਉਪਰੰਤ ਸੋਗ ਦੀ ਲਹਿਰ ਹੈ। ਕੇਂਦਰੀ ਸਾਹਿਤ ਸੰਮੇਲਨ ਦੇ ਪ੍ਰਧਾਨ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਤੇ ਉਘੇ ਪੰਜਾਬੀ ਚਿੰਤਕ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਕਿਹਾ ਕਿ ਪਾਤਰ ਦਾ ਸ਼ੇਅਰ ‘ਐਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇ’ ਅਤੇ ਹੋਰ ਰਚਨਾਵਾਂ ਦੇ ਉਹ ਸਦਾ ਕਾਇਲ ਰਹੇ। ਦਿਆਲ ਸਿੰਘ ਈਵਨਿੰਗ ਕਾਲਜ ਦੇ ਚੇਅਰਮੈਨ ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ ਨੇ ਕਿਹਾ ਕਿ ਪਾਤਰ ਲੰਮੇ ਸਮੇਂ ਤੱਕ ਪੰਜਾਬੀ ਸਾਹਿਤ ਉਪਰ ਛਾਏ ਰਹੇ। ਦਿਆਲ ਸਿੰਘ ਈਵਨਿੰਗ ਕਾਲਜ ਦੀ ਪ੍ਰਿੰਸੀਪਲ ਪ੍ਰੋ. ਭਾਵਨਾ ਪਾਂਡੇ ਨੇ ਕਿਹਾ ਕਿ ਸਾਡੇ ਪ੍ਰੋਗਰਾਮਾਂ ਵਿਚ ਅਕਸਰ ਪਾਤਰ ਦੇ ਬੋਲ ਸੁਣਾਈ ਦਿੰਦੇ ਸਨ। ਪੰਜਾਬੀ ਲੋਕ ਮੰਚ, ਦਿੱਲੀ ਦੇ ਪ੍ਰਧਾਨ ਪ੍ਰੋ. ਪ੍ਰਿਥਵੀ ਰਾਜ ਥਾਪਰ ਨੇ ਪਾਤਰ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਤਰ ਨੇ ਪੰਜਾਬੀ ਗਜ਼ਲ ਵਿਚ ਜੋ ਯੋਗਦਾਨ ਪਾਇਆ ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਨੇ ਕਿਹਾ ਕਿ ਪਾਤਰ ਦੀ ਮੌਤ ਬਾਰੇ ਸੁਣ ਕੇ ਮਨ ਦੁਖੀ ਹੈ। ਸਮਾਜ ਕਲਿਆਨ ਮੰਚ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸੁਰਜੀਤ ਪਾਤਰ ਰਹਿੰਦੀ ਦੁਨੀਆਂ ਤੱਕ ਪਾਠਕਾਂ ਤੇ ਸਰੋਤਿਆਂ ਦੇ ਦਿਲਾਂ ਵਿਚ ਧੜਕਦਾ ਰਹੇਗਾ। ਵਰਤਮਾਨ ਹਿੰਦੁਸਤਾਨ ਦੇ ਸੰਪਾਦਕ ਸਰਬਸ਼ਕਤੀਮਾਨ, ਅਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਅਫ਼ਸਰ ਤੇ ਗਲਪਕਾਰ ਬਲਵਿੰਦਰ ਬਰਾੜ, ਨਾਵਲਕਾਰ ਰੂਪ ਸਿੰਘ, ਸਾਹਿਤਕਾਰ ਗੁਰਬਚਨ ਸਿੰਘ ਭੁੱਲਰ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਰਵੇਲ ਸਿੰਘ, ਹਰਭਜਨ ਸਿੰਘ ਸਹਿਗਲ, ਅਮਰਜੀਤ ਸਿੰਘ ਅਮਰ, ਡਾ. ਰਾਜਵੰਤ ਕੌਰ ਰਾਜ, ਤਰਿੰਦਰ ਕੌਰ, ਹਰਜੀਤ ਕੌਰ, ਪੰਜਾਬੀ ਪ੍ਰਚਾਰਨੀ ਸਭਾ ਦੇ ਮੁਖ ਸੇਵਾਦਾਰ ਭਾਈ ਮਨਿੰਦਰਪਾਲ ਸਿੰਘ, ਜਸਵਿੰਦਰ ਕੌਰ, ਜਗਜੀਤ ਸਿੰਘ ਅਤੇ ਹੋਰ ਸਾਹਿਤਕਾਰਾਂ ਨੇ ਆਪਣੀਆਂ ਸੰਵੇਦਨਾਵਾਂ ਭੇਜੀਆਂ ਹਨ।