ਮੋਤੀ ਬੀੜ ਵਿੱਚ ਪਾਣੀ ਭਰਨ ਕਰ ਕੇ ਜੰਗਲੀ ਜੀਵ ਬੇਹਾਲ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜੁਲਾਈ
ਪਟਿਆਲਾ ਦੇ ਡੀਅਰ ਪਾਰਕ ਵਿੱਚ ਜਾਨਵਰਾਂ ਦਾ ਬਚਾਅ ਹੋ ਗਿਆ ਹੈ ਪਰ ਨਦੀ ਦੇ ਨਾਲ ਲੱਗਦੇ ਮੋਤੀ ਬੀੜ ਵਿੱਚ ਪਾਣੀ ਭਰਨ ਕਰ ਕੇ ਜੰਗਲੀ ਜੀਵਾਂ ਸਮੇਂ ਬਾਂਦਰਾਂ ਦਾ ਬੁਰਾ ਹਾਲ ਹੈ। ਇਹ ਬਾਂਦਰ ਪਾਣੀ ਵਿਚ ਹੀ ਰਹਿਣ ਲਈ ਮਜਬੂਰ ਹਨ। ਮੋਤੀ ਬੀੜ ਵਿਚ ਗਾਵਾਂ ਤੋਂ ਲੈ ਕੇ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਹਨ। ਇੱਥੇ ਸੱਤ ਫੁੱਟ ਤੱਕ ਪਾਣੀ ਭਰ ਗਿਆ ਸੀ ਜਿੱਥੇ ਅੱਜ ਵੀ ਦੋ ਤੋਂ ਤਿੰਨ ਫੁੱਟ ਪਾਣੀ ਭਰਿਆ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਜਿਸ ਦਨਿ ਪਟਿਆਲਾ ਦੀ ਨਦੀ ਵਿੱਚ ਪਾਣੀ ਆਇਆ ਉਸੇ ਦਨਿ ਤੋਂ ਡੀਅਰ ਪਾਰਕ ਆਮ ਲੋਕਾਂ ਲਈ ਬੰਦ ਕੀਤਾ ਹੋਇਆ ਹੈ। ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਡੀਅਰ ਪਾਰਕ ਵਿਚ ਕਾਫ਼ੀ ਸਾਰੇ ਜਾਨਵਰਾਂ ਦੀ ਮੌਤ ਹੋ ਗਈ ਹੈ। ਇਸ ਵਾਰ ਡੀਅਰ ਪਾਰਕ ਦੇ ਚੁਫੇਰੇ ਕੱਢੀ ਕੰਧ ਨੇ ਜਾਨਵਰਾਂ ਦੀ ਜਾਨ ਬਚਾਈ ਹੈ। ਦੂਜੇ ਪਾਸੇ ਡੀਅਰ ਪਾਰਕ ਦੇ ਦੁਆਲੇ ਮੋਤੀ ਬੀੜ ਵਿੱਚ ਪਾਣੀ ਅੱਜ ਵੀ ਭਰਿਆ ਹੋਇਆ ਹੈ, ਜਿਸ ਕਾਰਨ ਬਾਂਦਰਾਂ ਸਮੇਤ ਜੰਗਲੀ ਜੀਵ ਬੇਹਾਲ ਹਨ।
ਜਾਨਵਰਾਂ ਦੇ ਮਰਨ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ: ਡੀਐੱਫਓ
ਡੀਐਫਓ ਜੰਗਲੀ ਜੀਵ ਨੇ ਕਿਹਾ, ‘‘ਲੋਕਾਂ ਵੱਲੋਂ ਜਾਨਵਰਾਂ ਦੀ ਮੌਤ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਗ਼ਲਤ ਹਨ। ਸਾਰੇ ਜਾਨਵਰ ਸੁਰੱਖਿਅਤ ਹਨ। ਮੋਤੀ ਬੀੜ ਦੇ ਪਾਣੀ ਵਿਚ ਜਿਹੜੇ ਜੰਗਲੀ ਜਾਨਵਰ ਹਨ ਉਹ ਆਪਣਾ ਬਸੇਰਾ ਖ਼ੁਦ ਕਰ ਲੈਂਦੇ ਹਨ। ਬਾਂਦਰ ਵੀ ਇੱਥੇ ਆਪਣਾ ਖਾਣਾ ਲੱਭ ਲੈਂਦੇ ਹਨ। ਅਜੇ ਅਸੀਂ ਡੀਅਰ ਪਾਰਕ ਬੰਦ ਰੱਖਿਆ ਹੈ ਤਾਂ ਜੋ ਮੀਂਹ ਦੇ ਪਾਣੀ ਕਾਰਨ ਡੀਅਰ ਪਾਰਕ ਵਿੱਚ ਪਈ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ।’’