For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣਾਂ: ਜਲੰਧਰ ਪੱਛਮੀ ਹਲਕੇ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ

06:48 AM Jul 11, 2024 IST
ਜ਼ਿਮਨੀ ਚੋਣਾਂ  ਜਲੰਧਰ ਪੱਛਮੀ ਹਲਕੇ ’ਚ ਅਮਨ ਅਮਾਨ ਨਾਲ ਪਈਆਂ ਵੋਟਾਂ
ਜਲੰਧਰ ਵਿੱਚ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਰ। -ਫੋਟੋ: ਮਲਕੀਅਤ ਸਿੰਘ
Advertisement

* ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਸੀ ਸੀਟ

Advertisement

ਪਾਲ ਸਿੰਘ ਨੌਲੀ
ਜਲੰਧਰ, 10 ਜੁਲਾਈ
ਜਲੰਧਰ ਪੱਛਮੀ (ਰਿਜ਼ਰਵ) ਵਿਧਾਨ ਸਭਾ ਹਲਕੇ ਲਈ ਹੋਈ ਵੋਟਿੰਗ ਦੌਰਾਨ 55 ਫੀਸਦ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਮਨੀ ਚੋਣ ਵਿੱਚ ਵੋਟਾਂ ਦੀ ਦਰ ਘੱਟ ਰਹਿਣ ਦਾ ਅਸਰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਦਾਅਵਿਆਂ ਨੂੰ ਪ੍ਰਭਾਵਿਤ ਕਰੇਗਾ। ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਪਰ ਸ਼ਹਿਰੀ ਇਲਾਕਾ ਹੋਣ ਕਾਰਨ ਸਵੇਰ ਸਮੇਂ ਵੋਟਿੰਗ ਦੀ ਰਫ਼ਤਾਰ ਮੱਠੀ ਹੀ ਰਹੀ। ਦੁਪਹਿਰ 3:00 ਵਜੇ ਤੱਕ ਸਿਰਫ਼ 42 ਫ਼ੀਸਦੀ ਮਤਦਾਨ ਹੋਇਆ, ਜੋ ਸ਼ਾਮ 5:00 ਵਜੇ ਤੱਕ 51.30 ਫ਼ੀਸਦੀ ਹੋਇਆ ਸੀ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ ਜਿਸ ਮਗਰੋਂ ਕੁੱਲ ਵੋਟਿੰਗ 55 ਫੀਸਦੀ ਰਹੀ। ਸਾਲ 2022 ਵਿੱਚ 67 ਫ਼ੀਸਦੀ ਮਤਦਾਨ ਹੋਇਆ ਸੀ। ਇਸ ਦੌਰਾਨ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਈ। ਵੋਟਰਾਂ ਨੇ 15 ਉਮੀਦਵਾਰਾਂ ਦਾ ਭਵਿੱਖ ਈਵੀਐੱਮਜ਼ ਵਿੱਚ ਬੰਦ ਕਰ ਦਿੱਤਾ ਹੈ। ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਣੀ ਹੈ। ਜ਼ਿਲ੍ਹਾ ਮੁੱਖ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਪੋਲਿੰਗ ਅਮਨ-ਅਮਾਨ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ।
ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ (ਆਪ) ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਸ਼ੀਤਲ ਅੰਗੁਰਾਲ ਬਾਅਦ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਅੰਗੁਰਾਲ ਨੇ ਹੁਣ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਹੈ।
ਕਾਂਗਰਸ ਨੇ ਚਾਰ ਵਾਰ ਦੀ ਕੌਂਸਲਰ ਰਹੀ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਦੋਂਕਿ ‘ਆਪ’ ਨੇ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ। ਅਕਾਲੀ ਦਲ ਦੀ ਸੁਰਜੀਤ ਕੌਰ ਨੇ ਆਪਣੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਇੱਕ ਤਰ੍ਹਾਂ ਨਾਲ ਆਜ਼ਾਦ ਉਮੀਦਵਾਰ ਵਾਂਗ ਹੀ ਚੋਣ ਲੜੀ ਜਦਕਿ ਬਸਪਾ ਦੇ ਬਿੰਦਰ ਕੁਮਾਰ ਲਾਖਾ ਨੇ ਆਪਣੀ ਪਹਿਲੀ ਚੋਣ ਅਕਾਲੀ ਦਲ ਦੇ ਸਮਰਥਨ ਨਾਲ ਲੜੀ। ਜ਼ਿਕਰਯੋਗ ਹੈ ਕਿ ਆਪਣੀਆਂ ਮੁਹਿੰਮਾਂ ਦੌਰਾਨ ‘ਆਪ’ ਨੇ ਆਪਣੀਆਂ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਦੋਂਕਿ ਕਾਂਗਰਸ ਅਤੇ ਭਾਜਪਾ ਨੇ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਅਤੇ ਸਾਫ਼-ਸੁਥਰਾ ਵਾਤਾਵਰਨ ਯਕੀਨੀ ਬਣਾਉਣ ਬਾਰੇ ਪ੍ਰਚਾਰ ਕੀਤਾ। ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਵਿਕਾਸ, ਬੇਰੁਜ਼ਗਾਰੀ ਅਤੇ ਪ੍ਰਸ਼ਾਸਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮੁਹਿੰਮ ਚਲਾਈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਦਾ ਕੀਤਾ ਧੰਨਵਾਦ

ਵੋਟਾਂ ਪੈਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਲਿਖਿਆ, “ਪੱਛਮੀ ਜਲੰਧਰ ਦੇ ਸਾਰੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ। ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਅਮਨ-ਸ਼ਾਂਤੀ ਨਾਲ ਵੋਟਾਂ ਪਾ ਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੱਤਾ ਹੈ। ਤੁਹਾਡੀ ਕੀਮਤੀ ਵੋਟ ਪੱਛਮੀ ਜਲੰਧਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਵੇਗੀ। ਅਸੀਂ ਸਾਰੇ ਮਿਲ ਕੇ ਜਲੰਧਰ ਦੀ ਤਕਦੀਰ ਬਦਲਾਂਗੇ। ਇਨਕਲਾਬ ਜ਼ਿੰਦਾਬਾਦ।’ ਸੱਤਾਧਾਰੀ ਧਿਰ ‘ਆਪ’ ਲਈ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੇ ਝਟਕੇ ਤੋਂ ਬਾਅਦ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸ ਲਈ ਜਿੱੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸਾਰਾ ਧਿਆਨ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ’ਤੇ ਕੇਂਦਰਿਤ ਰੱਖਿਆ, ਉੱਥੇ ਪਰਿਵਾਰ ਸਮੇਤ ਜਲੰਧਰ ਵਿੱਚ ਡੇਰੇ ਲਾਈ ਰੱਖੇ। ਉਨ੍ਹਾਂ ਵੋਟਰਾਂ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਦੀ ਵਾਰ-ਵਾਰ ਅਪੀਲ ਕੀਤੀ।

Advertisement
Tags :
Author Image

joginder kumar

View all posts

Advertisement
Advertisement
×