ਜ਼ਿਮਨੀ ਚੋਣਾਂ: ਮਤਦਾਨ ਦੀ ਚਾਲ ਕਦੇ ਮੱਠੀ ਤੇ ਕਦੇ ਤੇਜ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਜਲੰਧਰ (ਪੱਛਮੀ) ਜ਼ਿਮਨੀ ਚੋਣ ’ਚ ਅੱਜ ਮਤਦਾਨ ਦੀ ਮੱਠੀ ਚਾਲ ਨੇ ਸਾਫ਼ ਕੀਤਾ ਹੈ ਕਿ ਹਲਕੇ ਦੇ ਵੋਟਰਾਂ ਨੇ ਮਤਦਾਨ ਨਾਲੋਂ ਵੱਧ ਤਰਜੀਹ ਆਪਣੀ ਰੋਜ਼ੀ ਰੋਟੀ ਨੂੰ ਦਿੱਤੀ। ਇਹ ਹਲਕਾ ਰਾਖਵਾਂ ਹੈ ਜਿੱਥੇ ਮਤਦਾਨ 55 ਫ਼ੀਸਦੀ ਰਿਹਾ। ਦੇਸ਼ ਦੇ ਸੱਤ ਸੂਬਿਆਂ ਦੀਆਂ 13 ਸੀਟਾਂ ’ਤੇ ਜ਼ਿਮਨੀ ਚੋਣਾਂ ’ਚ ਅੱਜ ਮਤਦਾਨ ਹੋਇਆ ਹੈ। ਇਨ੍ਹਾਂ 13 ਸੀਟਾਂ ਚੋਂ ਸਿਰਫ਼ ਬਿਹਾਰ ਦੀ ਇੱਕ ਅਤੇ ਉੱਤਰਾਖੰਡ ਦੀ ਬਦਰੀਨਾਥ ਸੀਟ ਤੋਂ ਇਲਾਵਾ ਜਲੰਧਰ (ਪੱਛਮੀ) ’ਤੇ ਮਤਦਾਨ ਠੰਢਾ ਰਿਹਾ ਹੈ ਜਦਕਿ ਬਾਕੀ 10 ਸੀਟਾਂ ’ਤੇ ਮਤਦਾਨ ਕਾਫ਼ੀ ਚੰਗਾ ਰਿਹਾ ਹੈ।
ਪੰਜਾਬ ’ਚ ਜ਼ਿਮਨੀ ਚੋਣਾਂ ’ਚ ਹੋਏ ਮਤਦਾਨ ਦਾ ਇਤਿਹਾਸ ਦੇਖੀਏ ਤਾਂ ਵੱਡੇ ਸ਼ਹਿਰਾਂ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਮਤਦਾਨ ਦਰ ਘੱਟ ਰਹੀ ਹੈ ਜਦਕਿ ਪੇਂਡੂ ਖੇਤਰ ਦੀਆਂ ਜ਼ਿਮਨੀ ਚੋਣਾਂ ਵਿਚ ਪੋਲਿੰਗ ਦਰ ਵੱਧ ਰਹੀ ਹੈ। ਜਦੋਂ 1999 ਵਿੱਚ ਲੁਧਿਆਣਾ ਉੱਤਰੀ ਵਿਚ ਜ਼ਿਮਨੀ ਚੋਣ ਹੋਈ ਸੀ ਤਾਂ ਉਦੋਂ ਪੋਲਿੰਗ ਦਰ 36.78 ਫ਼ੀਸਦੀ ਰਹੀ ਸੀ ਅਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੱਖਣੀ ਦੀ ਜ਼ਿਮਨੀ ਚੋਣ ਦੀ ਸਾਲ 2008 ਵਿਚ ਪੋਲਿੰਗ ਦਰ 50.01 ਫ਼ੀਸਦੀ ਰਹੀ ਸੀ। 1998 ਦੀ ਸ਼ਾਮਚੁਰਾਸੀ ਦੀ ਜ਼ਿਮਨੀ ਚੋਣ ’ਚ ਮਤਦਾਨ ਦਰ 53.5 ਫ਼ੀਸਦੀ ਰਹੀ ਸੀ। ਪੰਜਾਬੀ ਸੂਬਾ ਬਣਨ ਮਗਰੋਂ ਹੁਣ ਤੱਕ 27 ਜ਼ਿਮਨੀ ਚੋਣਾਂ ਹੋਈਆਂ ਹਨ ਜਿਨ੍ਹਾਂ ’ਚੋਂ ਸਭ ਤੋਂ ਵੱਧ ਪੋਲਿੰਗ ਦਰ ਅਜਨਾਲਾ ਦੀ ਜ਼ਿਮਨੀ ਚੋਣ ਵਿੱਚ ਰਹੀ ਸੀ ਜੋ ਸਾਲ 2005 ਵਿੱਚ ਹੋਈ ਸੀ। ਅਜਨਾਲਾ ਚੋਣ ਵਿਚ ਪੋਲਿੰਗ ਦਰ 78.2 ਫੀਸਦੀ ਰਹੀ ਸੀ। ਇਸ ਤਰ੍ਹਾਂ ਸਾਲ 2019 ਵਿਚ ਜਲਾਲਾਬਾਦ ਦੀ ਜ਼ਿਮਨੀ ਚੋਣ ਵਿਚ 75.50 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ ਸਨ ਅਤੇ ਦਾਖਾ ਦੀ ਜ਼ਿਮਨੀ ਚੋਣ ਦੀ ਪੋਲਿੰਗ ਦਰ 71.63 ਫ਼ੀਸਦੀ ਰਹੀ ਸੀ। ਇਵੇਂ ਹੀ 2001 ਵਿੱਚ ਮਜੀਠਾ ਦੀ ਜ਼ਿਮਨੀ ਚੋਣ ਵਿਚ ਪੋਲਿੰਗ ਦਰ 70.9 ਫ਼ੀਸਦੀ ਰਹੀ ਸੀ। ਜਲੰਧਰ ਪੱਛਮੀ ਹਲਕਾ ਦੇਖੀਏ ਤਾਂ ਇਹ ਹਲਕਾ ਰਾਖਵਾਂ ਹੈ ਅਤੇ ਪੰਜਾਬ ਵਿਚ ਰਾਖਵੇਂ ਹਲਕਿਆਂ ਵਿਚ ਪੋਲਿੰਗ ਦਰ ਹਮੇਸ਼ਾ ਹੀ ਬਹੁਤੀ ਨਹੀਂ ਰਹੀ ਹੈ। ਇਹ ਜ਼ਿਮਨੀ ਚੋਣ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦੇਣ ਕਰਕੇ ਹੋਈ ਹੈ।