ਜ਼ਿਮਨੀ ਚੋਣਾਂ: ਚੋਣ ਸਮੱਗਰੀ ਲੈ ਕੇ ਬੂਥਾਂ ’ਤੇ ਪੁੱਜਿਆ ਅਮਲਾ
ਪਰਸ਼ੋਤਮ ਬੱਲੀ
ਬਰਨਾਲਾ, 19 ਨਵੰਬਰ
ਵਿਧਾਨ ਸਭਾ ਹਲਕਾ ਬਰਨਾਲਾ- 103 ਦੀ ਭਲਕੇ 20 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪ੍ਰਬੰਧ ਮੁਕੰਮਲ ਹਨ ਅਤੇ ਚੋਣ ਅਮਲਾ ਸਮੱਗਰੀ ਲੈ ਕੇ ਬੂਥਾਂ ’ਤੇ ਪੁੱਜ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਕੁੱਲ 180088 ਵੋਟਰ ਹਨ, ਜਿਨ੍ਹਾਂ ’ਚੋਂ 94957 ਪੁਰਸ਼, 85127 ਮਹਿਲਾ ਵੋਟਰ ਤੇ 4 ਹੋਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਭਲਕੇ ਵੋਟਾਂ ਲਈ 1064 ਦੇ ਕਰੀਬ ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਰਹੇਗਾ। ਅੱਜ ਵੱਖ-ਵੱਖ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਈਆਂ ਹਨ। ਰਿਟਰਨਿੰਗ ਅਫ਼ਸਰ ਗੁਰਬੀਰ ਸਿੰਘ ਕੋਹਲੀ ਦੀ ਅਗਵਾਈ ’ਚ ਪੋਲਿੰਗ ਪਾਰਟੀਆਂ ਸਰਕਾਰੀ ਸੀਨੀਅਰ ਸੈਕੰਡਰੀ ਸੰਧੂ ਪੱਤੀ ਬਰਨਾਲਾ ਤੋਂ ਰਵਾਨਾ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਲਕੇ ਵਿੱਚ 11 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ ਬਰਨਾਲਾ ਵਿੱਚ ਪੀਡਬਲਿਊਡੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਨ ਵਿੱਚ ਪਿੰਕ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਬੀ ਫਾਰਮੇਸੀ ਕਾਲਜ (ਐੱਸਡੀ ਕਾਲਜ ਬਰਨਾਲਾ) ਵਿੱਚ ਯੂਥ ਮੈਨੇਜਡ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਬਰਨਾਲਾ ਵਿੱਚ ਗਰੀਨ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਉਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਨਵੰਬਰ (ਸ਼ਨੀਵਾਰ) ਨੂੰ ਹੋਵੇਗੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਅੱਜ ਗਿੱਦੜਬਾਹਾ ਵਿਖੇ ਪੋਲਿੰਗ ਬੂਥਾਂ ਲਈ ਪੋਲਿੰਗ ਟੀਮਾਂ ਨੂੰ ਰਵਾਨਾ ਕਰਨ ਮੌਕੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕੁੱਲ 1 ਲੱਖ 66 ਹਜ਼ਾਰ 731 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 86,835, ਮਹਿਲਾ ਵੋਟਰਾਂ ਦੀ ਗਿਣਤੀ 79,885 ਅਤੇ ਥਰਡ ਜੈਂਡਰ ਵੋਟਰਾਂ ਦੀ ਗਿਣਤੀ 11 ਹੈ, ਜਿਨ੍ਹਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।